ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 11 ਅਕਤੂਬਰ
ਕੌਮੀ ਐੱਸਸੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੇ ਮੇਘਾਲਿਆ ਸਰਕਾਰ ਵੱਲੋਂ ਸ਼ਿਲੌਂਗ ਵਿੱਚ ਅਨੁਸੂਚਿਤ ਜਾਤੀ ਨਾਲ ਸਬੰਧਤ ਸਿੱਖਾਂ ਨੂੰ ਹਰੀਜਨ ਕਲੋਨੀ ਤੋਂ ਉਜਾੜਨ ਦੇ ਮਾਮਲੇ ’ਚ ਮੇਘਾਲਿਆ ਦੇ ਮੁੱਖ ਸਕੱਤਰ, ਡੀਜੀਪੀ ਸਬੰਧਤ ਜ਼ਿਲ੍ਹੇ ਦੇ ਜ਼ਿਲ੍ਹਾ ਪੁਲੀਸ ਮੁਖੀ ਤੇ ਡਿਪਟੀ ਕਮਿਸ਼ਨਰ ਦੀ ਜਵਾਬ ਤਲਬੀ ਕੀਤੀ ਹੈ। ਵਿਜੈ ਸਾਂਪਲਾ ਨੇ ਹਰਿਜਨ ਕਲੋਨੀ ਸਮੇਤ ਉਸ ਵਿੱਚ ਮੌਜੂਦ ਗੁਰਦੁਆਰਾ ਸਾਹਿਬ, ਗੁਰੂ ਰਵਿਦਾਸ ਦਾ ਗੁਰਦੁਆਰਾ, ਵਾਲਮੀਕਿ ਮੰਦਰ ਅਤੇ ਸਕੂਲ ਆਦਿ ਹਟਾਉਣ ਦੇ ਆਦੇਸ਼ਾਂ ’ਤੇ ਇਤਰਾਜ਼ ਜ਼ਾਹਿਰ ਕੀਤਾ ਹੈ।
ਕਮਿਸ਼ਨ ਨੇ ਨੋਟਿਸ ਵਿੱਚ ਕਿਹਾ ਕਿ ਉਪਰੋਕਤ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਕੇ ਤੁਰੰਤ ਕਾਰਵਾਈ ਰਿਪੋਰਟ ਦਾਇਰ ਕਰਨ। ਜੇਕਰ ਕਮਿਸ਼ਨ ਦੇ ਆਦੇਸ਼ਾਂ ਦੀ ਪਾਲਣਾ ਨਹੀਂ ਹੁੰਦੀ ਤਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਨਵੀਂ ਦਿੱਲੀ ਕਮਿਸ਼ਨ ਦੀ ਅਦਾਲਤ ਵਿੱਚ ਤਲਬ ਕੀਤਾ ਜਾਵੇਗਾ। ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਦੇ ਉਦੇਸ਼ ਤਹਿਤ ਕਮਿਸ਼ਨ ਨੇ ਮੇਘਾਲਿਆ ਸਰਕਾਰ ਦੇ ਮੁੱਖ ਸਕੱਤਰ ਤੇ ਡੀਜੀਪੀ, ਸ਼ਿਲੌਂਗ ਦੇ ਇੰਸਪੈਕਟਰ ਜਨਰਲ ਆਫ ਪੁਲੀਸ, ਡੀਸੀ ਤੇ ਐੱਸਐੱਸਪੀ (ਈਸਟ ਖਾਸੀ ਹਿੱਲਜ਼) ਨੂੰ ਨੋਟਿਸ ਜਾਰੀ ਕੀਤਾ ਹੈ। ਜ਼ਿਕਰਯੋਗ ਹੈ ਕਿ ਕੁਝ ਸਮੇਂ ਤੋਂ ਅਨੁਸੂਚਿਤ ਜਾਤੀ ਨਾਲ ਸਬੰਧਤ ਸਿੱਖਾਂ ਅਤੇ ਖਾਸੀ ਸਮਾਜ ਵਿੱਚ ਵਧਦੀ ਫਿਰਕੂ ਹਿੰਸਾ ਕਾਰਨ ਸ਼ਿਲੌਂਗ ਵਿੱਚ ਅਮਨ-ਸ਼ਾਂਤੀ ਭੰਗ ਹੋ ਰਹੀ ਸੀ ਤੇ ਲੰਮੇ ਅਰਸੇ ਤੋਂ ਐੱਸਸੀ ਸਿੱਖਾਂ ਦੀ ਹਰਿਜਨ ਕਲੋਨੀ ਨੂੰ ਖਾਸੀ ਸਮਾਜ ਦੇ ਲੋਕ ਕਿਸੇ ਵੱਖਰੀ ਥਾਂ ’ਤੇ ਤਬਦੀਲ ਕਰਨ ਦੀ ਮੰਗ ਕਰ ਰਹੇ ਸਨ, ਜਿਸ ਦੇ ਚਲਦੇ 2018 ਵਿੱਚ ਉਪਰੋਕਤ ਕਮੇਟੀ ਬਣਾਈ ਗਈ ਸੀ। ਹਰਿਜਨ ਕਲੋਨੀ ਵਿੱਚ ਵਸਦੇ ਐੱਸਸੀ ਸਿੱਖ, ਜੋ ਨਗਰ ਨਿਗਮ ਵਿੱਚ ਸਫ਼ਾਈ ਦਾ ਕੰਮ ਕਰਦੇ ਸਨ, ਨੂੰ ਵੀ ਮੇਘਾਲਿਆ ਸਰਕਾਰ ਵੱਲੋਂ ਆਦੇਸ਼ ਜਾਰੀ ਕੀਤੇ ਗਏ ਸਨ ਕਿ ਉਨ੍ਹਾਂ ਦੀ ਕਲੋਨੀ ਕਿਸੇ ਹੋਰ ਥਾਂ ਤਬਦੀਲ ਕੀਤੀ ਜਾਵੇਗੀ।
ਸ਼ਿਲੌਂਗ ਦੇ ਸਿੱਖਾਂ ਨੂੰ ਉਜਾੜਨਾ ਤਰਕਸੰਗਤ ਨਹੀਂ: ਬੀਬੀ ਜਗੀਰ ਕੌਰ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਸ਼ਿਲੌਂਗ ’ਚ ਸਿੱਖਾਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਦੀ ਨਿਖੇਧੀ ਕਰਦਿਆਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਮੇਘਾਲਿਆ ਸਰਕਾਰ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਖਾਂ ਨਾਲ ਧੱਕਾ ਨਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਆਖਿਆ ਕਿ ਕਈ ਸਾਲਾਂ ਤੋਂ ਸ਼ਿਲੌਂਗ ਵਿੱਚ ਰਹਿ ਰਹੇ ਸਿੱਖਾਂ ਨੂੰ ਉਜਾੜਨਾ ਕਿਸੇ ਤਰ੍ਹਾਂ ਵੀ ਤਰਕਸੰਗਤ ਨਹੀਂ ਹੈ। ਇਸ ਲਈ ਸਰਕਾਰ ਨੂੰ ਹਠਧਰਮੀ ਛੱਡ ਕੇ ਸਿੱਖਾਂ ਨੂੰ ਆਪਣੇ ਪਿਤਾ ਪੁਰਖੀ ਘਰਾਂ ਵਿਚ ਵੱਸਦੇ ਰਹਿਣ ਦੇਣਾ ਚਾਹੀਦਾ ਹੈ। ਉਨਾਂ ਕਿਹਾ ਕਿ ਸਿੱਖ ਸੰਸਥਾ ਵੱਲੋਂ ਇਸ ਬੇਇਨਸਾਫ਼ੀ ਵਿਰੁੱਧ ਹਰ ਪੱਧਰ ’ਤੇ ਆਵਾਜ਼ ਬੁਲੰਦ ਕੀਤੀ ਜਾਵੇਗੀ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਕਸ਼ਮੀਰ ਵਾਦੀ ਦੇ ਇੱਕ ਸਕੂਲ ਦੀ ਸਿੱਖ ਪ੍ਰਿੰਸੀਪਲ, ਜਿਸ ਨੂੰ ਬੀਤੇ ਦਿਨੀਂ ਕਤਲ ਕਰ ਦਿੱਤਾ ਗਿਆ ਸੀ, ਦੀ ਅੰਤਿਮ ਅਰਦਾਸ ਮੌਕੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ ਅਤੇ ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਵੀ ਸ਼ਾਮਲ ਹੋਣਗੇ।