ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 31 ਜੁਲਾਈ
ਚਿੱਟੀ ਸਹਿਕਾਰੀ ਖੇਤੀਬਾੜੀ ਬਹੁਮੰਤਵੀ ਸਭਾ ਲਿਮਟਿਡ ਵਿੱਚ 50 ਲੱਖ ਰੁਪਏ ਤੋਂ ਵੱਧ ਦੀ ਹੇਰਾਫੇਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇੰਸਪੈਕਟਰ ਆਡਿਟ ਦੀਪਕ ਕੁਮਾਰ ਨੇ ਸਹਿਕਾਰਤਾ ਵਿਭਾਗ ਦੇ ਉੱਚ ਅਧਿਕਾਰੀਆ ਨੂੰ ਰਿਪੋਰਟ ਭੇਜੀ ਹੈ। ਇੰਸਪੈਕਟਰ ਆਡਿਟ ਦੀ ਰਿਪੋਰਟ ਅਨੁਸਾਰ ਸਭਾ ਦਾ ਸੇਲਜ਼ਮੈਨ, ਜਿਸ ਕੋਲ ਸਕੱਤਰ ਦਾ ਵਾਧੂ ਚਾਰਜ ਵੀ ਸੀ, ਪ੍ਰਬੰਧਕੀ ਕਮੇਟੀ ਤੋਂ ਮਨਜ਼ੂਰੀ ਜਾਂ ਛੁੱਟੀ ਲਏ ਬਿਨਾਂ ਵਿਦੇਸ਼ ਚਲਾ ਗਿਆ ਸੀ। ਇਸ ਮਗਰੋਂ ਪ੍ਰਬੰਧਕੀ ਕਮੇਟੀ ਨੇ ਮਤਾ ਪਾਸ ਕਰਕੇ ਪ੍ਰਦੀਪ ਕੁਮਾਰ ਨੂੰ ਸਭਾ ਦਾ ਚਾਰਜ ਦੇ ਦਿੱਤਾ ਸੀ। ਸਭਾ ਵਿੱਚ ਊਣਤਾਈਆਂ ਦੀ ਜਾਂਚ ਲਈ ਪ੍ਰਦੀਪ ਕੁਮਾਰ ਨੇ ਪ੍ਰਬੰਧਕੀ ਕਮੇਟੀ ਦੀ ਸਹਿਮਤੀ ਨਾਲ ਸਹਿਕਾਰਤਾ ਵਿਭਾਗ ਦੇ ਉੱਚ ਅਫ਼ਸਰਾਂ ਤੱਕ ਪਹੁੰਚ ਕੀਤੀ ਸੀ। ਸਹਿਕਾਰਤਾ ਵਿਭਾਗ ਵੱਲੋਂ ਕੀਤੀ ਗਈ ਜਾਂਚ ਅਨੁਸਾਰ ਸੇਲਜ਼ਮੈਨ ਵੱਲੋਂ ਨਕਦੀ 11,84,413 ਰੁਪਏ, ਦਵਾਈਆਂ ਅਤੇ ਖਾਦ ਦੇ ਸਟਾਕ ਦੀ ਰਕਮ 38,82,817 ਰੁਪਏ ਅਤੇ ਹੋਰ ਜ਼ਰੂਰੀ ਵਸਤਾਂ ਦੀ ਰਕਮ 1,13,176 ਰੁਪਏ ਦਾ ਚਾਰਜ ਕਿਸੇ ਹੋਰ ਵਿਅਕਤੀ ਨੂੰ ਨਾ ਦੇਣਾ ਪਾਇਆ ਗਿਆ। ਇਸ ਰਕਮ ਦੀ ਕਿਸੇ ਨੂੰ ਸਪੁਰਦਗੀ ਨਾ ਦੇਣ ਨਾਲ ਸਭਾ ’ਚ 51.80 ਲੱਖ ਰੁਪਏ ਦਾ ਗ਼ਬਨ ਸਾਹਮਣੇ ਆਇਆ ਹੈ। ਸਭਾ ਦੇ ਪ੍ਰਧਾਨ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਉਸ ਨੇ ਪ੍ਰਬੰਧਕੀ ਕਮੇਟੀ ਦੀ ਸਹਿਮਤੀ ਨਾਲ ਸਹਿਕਾਰੀ ਸਭਾਵਾਂ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਜਾਂਚ ਲਈ ਪੱਤਰ ਲਿਖਿਆ ਸੀ। ਜਾਂਚ ਰਿਪੋਰਟ ਅਨੁਸਾਰ ਜੋ ਘੁਟਾਲਾ ਸਾਹਮਣੇ ਆਇਆ ਹੈ ਉਸ ਦੀ ਰਿਪੋਰਟ ਦੇ ਆਧਾਰ ’ਤੇ ਪੁਲੀਸ ਤੱਕ ਪਹੁੰਚ ਕਰਕੇ ਮੁਲਜ਼ਮ ਖ਼ਿਲਾਫ਼ ਕਾਰਵਾਈ ਕਰਨ ਲਈ ਲਿਖਿਆ ਜਾਵੇਗਾ।