ਸੰਜੀਵ ਹਾਂਡਾ
ਫ਼ਿਰੋਜ਼ਪੁਰ, 27 ਅਕਤੂਬਰ
ਵਿਜੀਲੈਂਸ ਬਿਊਰੋ ਨੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਠੇਕੇਦਾਰਾਂ ਵੱਲੋਂ ਮਿਲੀਭੁਗਤ ਨਾਲ ਅਨਾਜ ਮੰਡੀਆਂ ਵਿੱਚ ਕਣਕ ਦੀ ਢੋਆ-ਢੁਆਈ ਲਈ ਲੇਬਰ ਕਾਰਟੇਜ ਅਤੇ ਟਰਾਂਸਪੋਰਟ ਟੈਂਡਰਾਂ ਵਿੱਚ ਧੋਖਾਧੜੀ ਦੇ ਇੱਕ ਹੋਰ ਘਪਲੇ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਤਿੰਨ ਠੇਕੇਦਾਰਾਂ/ਟੈਂਡਰਕਾਰਾਂ ਦਵਿੰਦਰ ਸਿੰਘ ਵਾਸੀ ਫਰੀਦਕੋਟ, ਦਵਿੰਦਰਪਾਲ ਵਾਸੀ ਤਲਵੰਡੀ ਭਾਈ ਅਤੇ ਗੁਰੂਸ਼ਕਤੀ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਫਿਰੋਜ਼ਪੁਰ ਵਿੱਚ ਧੋਖਾਧੜੀ ਅਤੇ ਗਬਨ ਕਰ ਕੇ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਨੇ ਠੇਕੇਦਾਰ ਦਵਿੰਦਰ ਸਿੰਘ ਵਾਸੀ ਨੰਦੇਆਣਾ ਗੇਟ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਫਿਰੋਜ਼ਪੁਰ ਅਤੇ ਮਮਦੋਟ ਦੀਆਂ ਅਨਾਜ ਮੰਡੀਆਂ ਵਿੱਚ ਹੋਈ ਇਸ ਧੋਖਾਧੜੀ ਦੀ ਜਾਂਚ ਕਰਨ ਤੋਂ ਬਾਅਦ ਫਿਰੋਜ਼ਪੁਰ ਦੇ ਥਾਣਾ ਵਿਜੀਲੈਂਸ ’ਚ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਚਾਲੂ ਵਿੱਤੀ ਵਰ੍ਹੇ 2022-2023 ’ਚ ਕਣਕ ਤੇ ਇਸ ਦੇ ਸਟਾਕ ਬਾਰੇ ਲੇਬਰ ਕਾਰਟੇਜ ਅਤੇ ਢੋਆ-ਢੁਆਈ ਦੇ ਟੈਂਡਰਾਂ ਦੌਰਾਨ ਇਨ੍ਹਾਂ ਠੇਕੇਦਾਰਾਂ ਨੇ ਵਾਹਨਾਂ ਦੇ ਰਜਿਸਟ੍ਰੇਸ਼ਨ ਨੰਬਰਾਂ ਬਾਰੇ ਸੂਚੀਆਂ ਨੱਥੀ ਕੀਤੀਆਂ ਸਨ। ਇਨ੍ਹਾਂ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਸੂਚੀਆਂ ’ਚ ਮੋਟਰਸਾਈਕਲਾਂ, ਜੀਪਾਂ, ਟਰੈਕਟਰਾਂ ਆਦਿ ਕਈ ਗੈਰ-ਪ੍ਰਮਾਣਿਤ ਵਾਹਨਾਂ ਦੇ ਰਜਿਸਟ੍ਰੇਸ਼ਨ ਨੰਬਰ ਨੱਥੀ ਕੀਤੇ ਗਏ ਸਨ ਜਦਕਿ ਅਜਿਹੇ ਵਾਹਨਾਂ ’ਤੇ ਅਨਾਜ ਦੀ ਢੋਆ-ਢੁਆਈ ਨਹੀਂ ਕੀਤੀ ਜਾ ਸਕਦੀ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵੱਲੋਂ ਗੇਟ ਪਾਸਾਂ ਵਿੱਚ ਦਰਸਾਏ ਜਾਅਲੀ ਵਾਹਨਾਂ ਦੇ ਰਜਿਸਟ੍ਰੇਸ਼ਨ ਨੰਬਰਾਂ ਅਤੇ ਅਨਾਜ ਦੀ ਮਾਤਰਾ ਦੇ ਵੇਰਵਿਆਂ ਤੋਂ ਇਹ ਮਾਮਲਾ ਇਨ੍ਹਾਂ ਗੇਟ ਪਾਸਾਂ ਵਿੱਚ ਦਰਸਾਈਆਂ ਗਈਆਂ ਜਾਅਲੀ ਰਿਪੋਰਟਾਂ ਅਤੇ ਗਬਨ ਦਾ ਜਾਪਦਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਦੇ ਸਬੰਧਤ ਕਰਮਚਾਰੀਆਂ ਨੇ ਉਕਤ ਠੇਕੇਦਾਰਾਂ ਦੇ ਇਨ੍ਹਾਂ ਜਾਅਲੀ ਗੇਟ ਪਾਸਾਂ ਦੀ ਤਸਦੀਕ ਕੀਤੇ ਬਿਨਾਂ ਅਦਾਇਗੀ ਵੀ ਕਰ ਦਿੱਤੀ ਗਈ। ਉਨ੍ਹਾਂ ਅੱਗੇ ਦੱਸਿਆ ਕਿ ਉਪਰੋਕਤ ਤੱਥਾਂ ਅਨੁਸਾਰ ਇੱਕ ਦੂਜੇ ਦੀ ਮਿਲੀਭੁਗਤ ਨਾਲ ਇਨ੍ਹਾਂ ਅਨਾਜ ਮੰਡੀਆਂ ਵਿੱਚ ਇਹ ਧੋਖਾਧੜੀ ਕੀਤੀ ਗਈ।