ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 6 ਨਵੰਬਰ
ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਨੇ ਹੋਣਹਾਰ, ਲੋੜਵੰਦ, ਆਰਥਿਕ ਤੌਰ ’ਤੇ ਪਛੜੇ, ਸਰੀਰਕ ਤੌਰ ’ਤੇ ਅਪੰਗਾਂ ਸਣੇ ਹੋਰ ਵਰਗਾਂ ਦੀ ਸਹਾਇਤਾ ਲਈ ਮਾਤਾ ਜਰਨੈਲ ਕੌਰ ਕਾਰਪਸ ਫੰਡ ਸਕਾਲਰਸ਼ਿਪ ਸਕੀਮ ਸ਼ੁਰੂ ਕੀਤੀ ਹੈ। ’ਵਰਸਿਟੀ ਅਧਿਕਾਰੀਆਂ ਨੇ ਇਸ ਨੂੰ ਮਹੱਤਵਪੂਰਨ ਮੀਲ ਪੱਥਰ ਦੱਸਿਆ। ਵਕੀਲ ਹਰਦੇਵ ਸਿੰਘ ਨੇ ਇੱਕ ਕਰੋੜ ਰੁਪਏ ਨਾਲ ਇਸ ਦੀ ਸ਼ੁਰੂਆਤ ਕੀਤੀ। ਪ੍ਰਬੰਧਕਾਂ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਨੇ ਫੰਡ ਦੀ ਸਥਾਪਨਾ ਲਈ ਧੰਨਵਾਦ ਕੀਤਾ ਅਤੇ ਵਿਦਿਅਕ ਪਹੁੰਚ ਵਿੱਚ ਪਾੜੇ ਨੂੰ ਖ਼ਤਮ ਕਰਨ ਲਈ ਇਸ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਇਹ ਵਜ਼ੀਫ਼ਾ ਨਾ ਸਿਰਫ਼ ਮਾਤਾ ਜਰਨੈਲ ਕੌਰ ਨੂੰ ਸ਼ਰਧਾਂਜਲੀ ਹੈ ਸਗੋਂ ਉਨ੍ਹਾਂ ਵਿਦਿਆਰਥੀਆਂ ਨੂੰ ਸਸ਼ਕਤ ਬਣਾ ਕੇ ਸਿੱਖਿਆ ਵਿੱਚ ਬਰਾਬਰੀ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਕਦਮ ਹੈ ਜੋ ਵਿੱਤੀ ਜਾਂ ਸਮਾਜਿਕ ਰੁਕਾਵਟਾਂ ਕਾਰਨ ਮੌਕਿਆਂ ਤੋਂ ਵਾਂਝੇ ਰਹਿ ਜਾਂਦੇ ਸਨ। ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ, ਵਾਈਸ ਚਾਂਸਲਰ ਡਾ. ਅਭਿਜੀਤ ਜੋਸ਼ੀ ਤੇ ਵਾਈਸ ਪ੍ਰੈਜ਼ੀਡੈਂਟ ਡਾ. ਹਰਸ਼ ਸਦਾਵਰਤੀ ਨੇ ਕਿਹਾ ਕਿ ਸਕਾਲਰਸ਼ਿਪ ਯੋਗ ਵਿਦਿਆਰਥੀਆਂ ’ਤੇ ਵਿੱਤੀ ਬੋਝ ਨੂੰ ਘੱਟ ਕਰੇਗਾ।