ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਜੁਲਾਈ
ਚੰਡੀਗੜ੍ਹ ਦੇ ਸੈਕਟਰ-9 ਦੇ ਕਾਰਮਲ ਕਾਨਵੈਂਟ ਸਕੂਲ ਵਿੱਚ ਲੰਘੇ ਦਿਨ ਢਾਈ ਸਦੀ ਪੁਰਾਣਾ ਪਿੱਪਲ ਦਾ ਦਰੱਖ਼ਤ ਡਿੱਗਣ ਕਰਕੇ 10ਵੀਂ ਜਮਾਤ ਦੀ ਵਿਦਿਆਰਥਣ ਹੀਰਾਕਸ਼ੀ (16) ਦੀ ਮੌਤ ਹੋ ਗਈ ਸੀ। ਹੀਰਾਕਸ਼ੀ ਦਾ ਸਸਕਾਰ ਅੱਜ ਸੈਕਟਰ-25 ਦੇ ਸ਼ਮਸ਼ਾਨਘਾਟ ’ਚ ਕੀਤਾ ਗਿਆ।
ਪੀਜੀਆਈ ਵਿੱਚ ਪੋਸਟਮਾਰਟਮ ਤੋਂ ਬਾਅਦ ਹੀਰਾਕਸ਼ੀ ਦੀ ਮ੍ਰਿਤਕ ਦੇਹ ਨੂੰ ਸ਼ਮਸ਼ਾਨਘਾਟ ਲਿਆਂਦਾ ਗਿਆ, ਜਿੱਥੇ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਸਸਕਾਰ ਕੀਤਾ ਗਿਆ। ਇਸ ਮੌਕੇ ਹੀਰਾਕਸ਼ੀ ਦੇ ਪਰਿਵਾਰਕ ਮੈਂਬਰ, ਅਧਿਆਪਕ ਅਤੇ ਸਹਿਪਾਠਣਾਂ ਹਾਜ਼ਰ ਸਨ ਜਿਨ੍ਹਾਂ ਨਮ ਅੱਖਾਂ ਨਾਲ ਹੀਰਾਕਸ਼ੀ ਨੂੰ ਵਿਦਾਇਗੀ ਦਿੱਤੀ।ਹੀਰਾਕਸ਼ੀ ਦੇ ਸਸਕਾਰ ਵੇਲੇ ਮਾਤਾ ਦਮਨ ਕੁਮਾਰੀ ਬੇਹੋਸ਼ ਹੋ ਗਈ, ਜਿਨ੍ਹਾਂ ਨੂੰ ਅਧਿਆਪਕਾਂ ਤੇ ਰਿਸ਼ਤੇਦਾਰਾਂ ਨੇ ਸਾਂਭਿਆ। ਇਸ ਮੌਕੇ ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੀ। ਇਸ ਤੋਂ ਇਲਾਵਾ ਡਾਇਰੈਕਟਰ ਸਕੂਲ ਸਿੱਖਿਆ ਹਰਸੁਹਿੰਦਰ ਪਾਲ ਸਿੰਘ ਬਰਾੜ, ਮੇਅਰ ਸਰਬਜੀਤ ਕੌਰ, ਚੰਡੀਗੜ੍ਹ ਚਾਈਲਡ ਰਾਈਟ ਕਮਿਸ਼ਨ ਦੀ ਚੇਅਰਪਰਸਨ ਹਰਜਿੰਦਰ ਕੌਰ, ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚ ਐੱਸ ਲੱਕੀ, ਚੰਡੀਗੜ੍ਹ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਭਾਸ਼ ਚਾਵਲਾ, ‘ਆਪ’ ਦੇ ਪ੍ਰਧਾਨ ਪ੍ਰੇਮ ਗਰਗ, ਰਾਜਸੀ, ਸਮਾਜਿਕ ਅਤੇ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ। ਦੱਸਣਯੋਗ ਹੈ ਕਿ ਲੰਘੇ ਦਿਨ ਦਰੱਖਤ ਡਿੱਗਣ ਕਰਕੇ ਇਕ ਲੜਕੀ ਦੀ ਮੌਤ ਹੋ ਗਈ ਸੀ ਜਦੋਂ ਕਿ ਡੇਢ ਦਰਜਨ ਦੇ ਕਰੀਬ ਵਿਦਿਆਰਥਣਾਂ ਜ਼ਖ਼ਮੀ ਹੋ ਗਈਆਂ ਸਨ। ਥਾਣਾ ਸੈਕਟਰ-3 ਦੀ ਪੁਲੀਸ ਨੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।