ਜੋਗਿੰਦਰ ਸਿੰਘ ਓਬਰਾਏ
ਖੰਨਾ, 3 ਅਗਸਤ
ਸ਼ਹਿਰ ਦੇ ਇੱਕ ਸਕੂਲ ਵਿੱਚ ਇਕ ਵਿਦਿਆਰਥੀ ਦੇ ਮੰਕੀਪੌਕਸ ਪਾਜ਼ੇਟਿਵ ਹੋਣ ਦੀ ਅਫ਼ਵਾਹ ਫੈਲਣ ਤੋਂ ਤੁਰੰਤ ਬਾਅਦ ਉਕਤ ਸਕੂਲ ਦੇ ਪ੍ਰਬੰਧਕਾਂ ਨੇ ਸਕੂਲ ਬੰਦ ਕਰ ਕੇ ਬੱਚਿਆਂ ਨੂੰ ਘਰ ਭੇਜ ਦਿੱਤਾ। ਹਾਲਾਂਕਿ, ਪ੍ਰਸ਼ਾਸਨ ਵੱਲੋਂ ਹਾਲੇ ਤੱਕ ਸ਼ਹਿਰ ਵਿੱਚ ਇਸ ਬਿਮਾਰੀ ਦਾ ਕੋਈ ਕੇਸ ਨਾ ਆਉਣ ਦੀ ਗੱਲ ਆਖੀ ਗਈ ਹੈ ਪਰ ਇਹਤਿਆਤ ਵਜੋਂ ਉਕਤ ਸਕੂਲ ਨੂੰ ਕੁਝ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ ’ਤੇ ਇੱਕ ਸੁਨੇਹਾ ਵਾਇਰਲ ਕੀਤਾ ਜਾ ਰਿਹਾ ਹੈ ਕਿ ਸ਼ਹਿਰ ਵਿੱਚ ਇੱਕ ਵਿਦਿਆਰਥੀ ਨੂੰ ਮੰਕੀਪੌਕਸ ਦੀ ਸ਼ਿਕਾਇਤ ਹੈ। ਉਸ ਮਗਰੋਂ ਉਹ ਸਕੂਲ ਬੰਦ ਕਰ ਦਿੱਤਾ ਗਿਆ ਜਿੱਥੇ ਇਹ ਬੱਚਾ ਪੜ੍ਹਦਾ ਹੈ। ਸਕੂਲ ਪ੍ਰਿੰਸੀਪਲ ਨੇ ਦੱਸਿਆ ਕਿ ਲੰਘੀ ਰਾਤ ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਨੇ ਫੋਨ ’ਤੇ ਇਕ ਸੁਨੇਹਾ ਭੇਜਿਆ ਸੀ ਕਿ ਉਨ੍ਹਾਂ ਦੇ ਬੱਚੇ ਨੂੰ ਕੋਈ ਲਾਗ ਦੀ ਬਿਮਾਰੀ ਹੈ, ਜਿਸ ਕਾਰਨ ਉਹ ਸਕੂਲ ਨਹੀਂ ਆਵੇਗਾ। ਸਕੂਲ ਪ੍ਰਬੰਧਕਾਂ ਨੇ ਇਹ ਗੱਲ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦੀ ਅਤੇ ਸਕੂਲ ਬੰਦ ਕਰ ਦਿੱਤਾ। ਇਸ ਬਾਰੇ ਜਦੋਂ ਬੱਚੇ ਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਤਾਂ ਬੱਚੇ ਦੇ ਪਿਤਾ ਤੇ ਦਾਦਾ ਨੇ ਕਿਹਾ ਕਿ ਉਸ ਦੀ ਮਾਂ ਨੇ ਘਬਰਾਹਟ ਵਿੱਚ ਇਹ ਮੈਸੇਜ ਕੀਤਾ ਸੀ, ਜਦਕਿ ਬੱਚਾ ਬਿਲਕੁਲ ਠੀਕ ਹੈ।
ਉੱਧਰ, ਐੱਸਐੱਸਓ ਡਾ. ਮਨਿੰਦਰ ਭਸੀਨ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਇਹ ਮਾਮਲਾ ਆਇਆ ਹੈ। ਉਨ੍ਹਾਂ ਸਕੂਲ ਪ੍ਰਬੰਧਕਾਂ ਤੇ ਪਰਿਵਾਰ ਨੂੰ ਹਦਾਇਤ ਕੀਤੀ ਹੈ ਕਿ ਬੱਚੇ ਨੂੰ ਹਸਪਤਾਲ ਵਿੱਚ ਚੈੱਕ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਬੱਚੇ ਨੂੰ ਮੰਕੀਪੌਕਸ ਦੀ ਲਾਗ ਨਹੀਂ ਲੱਗੀ ਹੈ, ਸਗੋਂ ਸਾਧਾਰਨ ਵਾਇਰਲ ਹੋਇਆ ਹੈ ਜਿਸ ਵਿੱਚ ਮਰੀਜ਼ ਦੇ ਹੱਥ, ਮੂੰਹ ਤੇ ਪੈਰਾਂ ’ਤੇ ਖਾਰਿਸ਼ ਹੁੰਦੀ ਹੈ।