ਅਜੇ ਮਲਹੋਤਰਾ
ਬਸੀ ਪਠਾਣਾਂ/ਫਤਹਿਗੜ੍ਹ ਸਾਹਿਬ, 18 ਨਵੰਬਰ
ਟਿੱਪਰ ਵੱਲੋਂ ਮਾਰੀ ਟੱਕਰ ਕਾਰਨ 45 ਸਾਲਾਂ ਦੇ ਵਿਅਕਤੀ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਪਿੰਡ ਠੀਕਰੀਵਾਲ ਦਾ ਰਣਜੀਤ ਸਿੰਘ ਆਪਣੇ ਦੋਸਤ ਕਰਨੈਲ ਸਿੰਘ ਪੁੱਤਰ ਮੇਵਾ ਸਿੰਘ ਵਾਸੀ ਉੱਚਾ ਪਿੰਡ ਸੰਘੋਲ ਨਾਲ ਫ਼ਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਆਇਆ ਸੀ। ਜਦੋਂ ਦੋਵੋਂ ਦੋਸਤ ਮੱਥਾ ਟੇਕਣ ਉਪਰੰਤ ਸਕੂਟਰੀ ’ਤੇ ਸਵਾਰ ਹੋ ਕੇ ਪਿੰਡ ਨੂੰ ਜਾਂਦੇ ਸਮੇਂ ਗੁਰਦੁਆਰਾ ਸੀਸਗੰਜ ਨਜ਼ਦੀਕ ਪਹੁੰਚੇ ਤਾਂ ਟਿੱਪਰ ਚਾਲਕ ਨੇ ਸਕੂਟਰੀ ਨੂੰ ਟੱਕਰ ਮਾਰ ਦਿੱਤੀ। ਹਾਦਸੇ ਕਾਰਨ ਸਕੂਟਰੀ ਚਾਲਕ ਰਣਜੀਤ ਸਿੰਘ ਦੀ ਬਾਂਹ ’ਤੇ ਸੱਟ ਲੱਗੀ ਤੇ ਕਰਨੈਲ ਸਿੰਘ ਗੰਭੀਰ ਜ਼ਖਮੀ ਹੋ ਗਿਆ। ਰਾਹਗੀਰਾਂ ਨੇ ਊਨ੍ਹਾਂ ਨੂੰ ਫ਼ਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਪਹੁੰਚਾਇਆ ਤੇ ਡਾਕਟਰਾਂ ਨੇ ਕਰਨੈਲ ਸਿੰਘ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਜਿੱਥੇ ਉਸ ਦੀ ਮੌਤ ਹੋ ਗਈ। ਫ਼ਤਿਹਗੜ੍ਹ ਸਾਹਿਬ ਪੁਲੀਸ ਨੇ ਹਾਦਸੇ ਬਾਰੇ ਕੇਸ ਦਰਜ ਕਰ ਲਿਆ ਹੈ।।
ਹਰੀਪੁਰ ਨੇੜੇ ਹਾਦਸੇ ’ਚ ਦਾਦੂਮਾਜਰਾ ਵਾਸੀ ਦੀ ਮੌਤ; ਦੋ ਜ਼ਖ਼ਮੀ: ਪਿੰਡ ਹਰੀਪੁਰ ਨੇੜੇ ਵਾਪਰੇ ਸੜਕ ਹਾਦਸੇ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਵਿਅਕਤੀ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਗੁਰਦੀਪ ਸਿੰਘ ਵਾਸੀ ਦਾਦੂਮਾਜਰਾ ਅਤੇ ਜ਼ਖ਼ਮੀਆਂ ਦੀ ਪਛਾਣ ਹਰਿੰਦਰ ਸਿੰਘ ਅਤੇ ਗੁਰਨਾਮ ਸਿੰਘ ਵਾਸੀ ਭਗੜਾਣਾ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੀਪ ਸਿੰਘ ਅਤੇ ਗੁਰਨਾਮ ਸਿੰਘ , ਹਰਿੰਦਰ ਸਿੰਘ ਦੀ ਪਤਨੀ ਕੁਲਵਿੰਦਰ ਕੌਰ ਨੂੰ ਦਵਾਈ ਦਿਵਾਉਣ ਲਈ ਰਾਜਪੁਰਾ ਲਿਜਾ ਰਹੇ ਸਨ। ਜਿਵੇਂ ਹੀ ਉਹ ਪਿੰਡ ਹਰੀਪੁਰ ਨੇੜੇ ਪਹੁੰਚੇ ਤਾਂ ਉਨ੍ਹਾਂ ਨੂੰ ਟਰੈਕਟਰ ਚਾਲਕ ਨੇ ਟੱਕਰ ਮਾਰ ਦਿੱਤੀ। ਇਸ ਕਾਰਨ ਊਹ ਗੰਭੀਰ ਜ਼ਖ਼ਮੀ ਹੋ ਗਏ। ਗੁਰਦੀਪ ਸਿੰਘ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਰਾਜਪੁਰਾ ਦੇ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਗੁਰਨਾਮ ਸਿੰਘ ਅਤੇ ਹਰਿੰਦਰ ਸਿੰਘ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਦਾਖਲ ਕਰਵਾਇਆ ਗਿਆ ਹੈ। ਹਾਦਸੇ ਦੌਰਾਨ ਕੁਲਵਿੰਦਰ ਕੌਰ ਦਾ ਬਚਾਅ ਰਿਹਾ।
ਮੋਟਰਸਾਈਕਲ ਤੇ ਕਾਰ ਦੀ ਟੱਕਰ ’ਚ ਪਤਨੀ ਦੀ ਮੌਤ; ਤਿੰਨ ਜ਼ਖ਼ਮੀ
ਅੰਬਾਲਾ (ਰਤਨ ਸਿੰਘ ਢਿੱਲੋਂ): ਅੰਬਾਲਾ-ਜਗਾਧਰੀ ਰੋਡ ’ਤੇ ਮਨਕੀ ਚੌਕ ਦੇ ਕੋਲ ਕਾਰ ਚਾਲਕ ਵੱਲੋਂ ਟੱਕਰ ਮਾਰਨ ’ਤੇ ਠਾਕਰਪੁਰਾ ਨਿਵਾਸੀ ਮੋਟਰਸਾਈਕਲ ਸਵਾਰ ਕੁਲਵੰਤ (30), ਉਸ ਦੀਆਂ ਦੋ ਧੀਆਂ ਸ਼ਿਵਾਂਗੀ (4) ਅਤੇ ਦੁੱਧਮੂੰਹੀਂ ਬੱਚੀ ਸੁਹਾਨੀ (10 ਮਹੀਨੇ) ਜ਼ਖ਼ਮੀ ਹੋ ਗਏ ਜਦੋਂ ਕਿ ਉਸ ਦੀ ਪਤਨੀ ਪਿੰਕੀ ਦੀ ਇਲਾਜ ਦੌਰਾਨ ਮੌਤ ਹੋ ਗਈ। ਕੁਲਵੰਤ ਨੇ ਮੁਲਾਣਾ ਪੁਲੀਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਬੀਤੇ ਦਿਨ ਕਰੀਬ 01.30 ਵਜੇ ਉਹ ਆਪਣੀ ਪਤਨੀ ਪਿੰਕੀ ਅਤੇ ਧੀਆਂ ਸ਼ਿਵਾਂਗੀ ਤੇ ਸੁਹਾਨੀ ਨੂੰ ਲੈ ਕੇ ਮੋਟਰਸਾਈਕਲ ’ਤੇ ਆਪਣੇ ਸਹੁਰੇ ਪਿੰਡ ਕਾਂਸਾਪੁਰ (ਯਮੁਨਾਨਗਰ) ਜਾ ਰਿਹਾ ਸੀ। ਮਨਕੀ ਚੌਕ ਵਿੱਚ ਮਨਕੀ ਵੱਲੋਂ ਆ ਰਹੀ ਕਾਰ ਦੇ ਚਾਲਕ ਨੇ ਉਸ ਦੇ ਮੋਟਰਸਾਈਕਲ ਨੂੰ ਸਿੱਧੀ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਜ਼ਖ਼ਮੀ ਉਨ੍ਹਾਂ ਚਹੁੰਆਂ ਨੂੰ ਮੁਲਾਣਾ ਮੈਡੀਕਲ ਕਾਲਜ ਪਹੁੰਚਾਇਆ ਗਿਆ ਜਿਥੇ ਇਲਾਜ ਦੌਰਾਨ ਅੱਜ ਉਸ ਦੀ ਪਤਨੀ ਪਿੰਕੀ ਦੀ ਮੌਤ ਹੋ ਗਈ ਜਦੋਂ ਕਿ ਉਸ ਦਾ ਤੇ ਉਸ ਦੀਆਂ ਦੋਹਾਂ ਧੀਆਂ ਦਾ ਇਲਾਜ ਚੱਲ ਰਿਹਾ ਹੈ। ਪੁਲੀਸ ਨੇ ਕਾਰ ਨੰਬਰ ਐਚਆਰ-01ਏਆਰ-2139 ਦੇ ਚਾਲਕ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵਿਦਿਆਰਥੀ ਹਲਾਕ
ਮੁਹਾਲੀ (ਪੱਤਰ ਪ੍ਰੇਰਕ): ਇਥੇ ਏਅਰਪੋਰਟ ਸੜਕ ’ਤੇ ਵਾਪਰੇ ਹਾਦਸੇ ਵਿੱਚ ਅੱਜ ਵਿਦਿਆਰਥੀ ਦੀ ਮੌਤ ਹੋ ਗਈ। ਊਸ ਦੀ ਪਛਾਣ ਵਿਸ਼ਾਲ ਬਾਂਸਲ (20) ਵਜੋਂ ਹੋਈ ਹੈ, ਜੋ ਮਾਤਾ ਗੁਜਰੀ ਐਨਕਲੇਵ ਵਿੱਚ ਰਹਿੰਦਾ ਸੀ। ਪੁਲੀਸ ਅਨੁਸਾਰ ਇਹ ਘਟਨਾ ਸਵੇਰੇ 11 ਵਜੇ ਵਾਪਰੀ ਜਦੋਂ ਊਹ ਮੋਟਰਸਾਈਕਲ ’ਤੇ ਆਪਣੇ ਘਰ ਤੋਂ ਮੁਹਾਲੀ ਜਾ ਰਿਹਾ ਸੀ। ਊਸ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਐੱਸਐੱਚਓ ਇੰਸਪੈਕਟਰ ਅਮਰਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।