ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 25 ਜੂਨ
ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਰਾਜਪਾਲ ਦੇ ਭਾਸ਼ਨ ‘ਤੇ ਆਪਣੀ ਗੱਲ ਆਖੀ। ਇਸ ਤੋਂ ਬਾਅਦ ਸਦਨ ਨੂੰ ਸੋਮਵਾਰ ਤੱਕ ਮੁਲਤਵੀ ਕਰ ਦਿੱਤਾ ਗਿਆ। ਆਪਣੇ ਭਾਸ਼ਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਹਰ ਉਸ ਉਮੀਦ ‘ਤੇ ਖ਼ਰੀ ਉਤਰੇਗੀ, ਜਿਸ ਦੀਆਂ ਸੂਬਾ ਵਾਸੀਆਂ ਨੂੰ ਆਸਾਂ ਹਨ। ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ। ਨਾ ਹੀ ਭ੍ਰਿਸ਼ਟਾਚਾਰ ਕਰਨ ਵਾਲੇ ਬਖ਼ਸ਼ੇ ਜਾਣਗੇ ਤੇ ਨਾ ਹੀ ਫੋਕੇ ਵਾਅਦੇ ਕੀਤੇ ਜਾਣਗੇ। ਇਕ ਵਿਧਾਇਕ ਇਕ ਪੈਨਸ਼ਨ ਮਿਸਾਲੀ ਕਦਮ ਚੁੱਕਿਆ। ਸੇਵਾ ਕੇਂਦਰਾਂ ਰਾਹੀਂ 122 ਨਵੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਭ੍ਹਿਸ਼ਟਾਚਾਰ ਖ਼ਿਲਾਫ਼ ਹੁਣ ਤੱਕ 47 ਗ੍ਰਿਫ਼ਤਾਰੀਆਂ ਹੋਈਆਂ ਹਨ। ਪੰਜਾਬ ਦੇ ਸਕੂਲਾਂ ‘ਚ ਸੁਧਾਰ ਕੀਤਾ ਜਾਵੇਗਾ। ਅਧਿਆਪਕ ਸਿਰਫ਼ ਬੱਚਿਆਂ ਨੂੰ ਹੀ ਪੜ੍ਹਾਉਣਗੇ। ਗੈਂਗਸਟਰਾਂ ਦੇ ਖ਼ਾਤਮੇ ਲਈ ਏਜੀਟੀਐੱਫ ਬਣਾ ਦਿੱਤੀ ਹੈ। ਪਹਿਲਾਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ‘ਚੋਂ ਕੱਢਿਆ ਜਾਵੇਗਾ ਫਿਰ ਰੁਜ਼ਗਾਰ ਦਿੱਤਾ ਜਾਵੇਗਾ। ਆਈਟੀਆਈ ਦੇ 44 ਨਵੇਂ ਕੋਰਸ ਸ਼ੁਰੂ ਕਰਾਂਗੇ। ਕੰਮਜ਼ੋਰ ਵਰਗ ਲਈ 25 ਹਜ਼ਾਰ ਘਰ ਬਣਾਏ ਜਾਣਗੇ ਤੇ 75 ਮੁਹੱਲਾ ਕਲੀਨਿਕ ਖੋਲ੍ਹੀਆਂ ਜਾ ਰਹੀਆਂ ਹਨ। ਕਾਲਜ-ਯੂਨੀਵਰਸਿਟੀਆਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ। ਮੂੰਗੀ ’ਤੇ 7275 ਰੁਪਏ ਐੱਮਐੱਸਪੀ ਦਿੱਤੀ ਜਾ ਰਹੀ ਹੈ। ਅਧਿਆਪਕਾਂ ਨੂੰ ਟ੍ਰੇਨਿੰਗ ਲਈ ਵਿਦੇਸ਼ਾਂ ’ਚ ਭੇਜਿਆ ਜਾਵੇਗਾ। ਇਸ ਤੋਂ ਪਹਿਲਾਂ ਜਿਵੇ ਹੀ ਸ੍ਰੀ ਮਾਨ ਬੋਲਣ ਲਈ ਉਠੇ ਤਾਂ ਕਾਂਗਰਸੀ ਵਿਧਾਇਕਾਂ ਨੇ ਸਦਨ ਵਿੱਚੋਂ ਬਾਹਰ ਜਾਣ ਦਾ ਫ਼ੈਸਲਾ ਕੀਤਾ। ਉਨ੍ਹਾਂ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ। ਇਸ ’ਤੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਤਾਅਨਾ ਮਾਰਦਿਆਂ ਕਿਹਾ ਕਿ ਕਾਂਗਰਸ ਨੂੰ ਦੂਜਿਆਂ ਦੀ ਗੱਲ ਸੁਣਨ ਦੇ ਆਦੀ ਨਹੀਂ ਹੈ ਤਾਂ ਕਾਂਗਰਸੀ ਵਿਧਾਇਕ ਵਾਪਸ ਆ ਕੇ ਸਦਨ ਦੇ ਵਿਚੋਂ ਵਿੱਚ ਆ ਗਏ ਤੇ ਨਾਅਰੇਬਾਜ਼ੀ ਕਰਨ ਬਾਅਦ ਸਦਨ ਵਿਚੋਂ ਮੁੜ ਵਾਕਆਊਟ ਕਰ ਗਏ।