ਜਗਮੋਹਨ ਸਿੰਘ
ਰੂਪਨਗਰ, 10 ਅਗਸਤ
ਪੰਜਾਬ ਰਾਜ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਸਕੱਤਰ ਯੂਨੀਅਨ ਦੀ ਮੀਟਿੰਗ ਮਿਲਕਫੈੱਡ ਏਰੀਆ ਮੁਹਾਲੀ ਦੇ ਪ੍ਰਧਾਨ ਵੀਰ ਸਿੰਘ ਬੜਵਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਭੱਠਾ ਸਾਹਿਬ ਰੂਪਨਗਰ ਵਿੱਚ ਹੋਈ। ਇਸ ਦੌਰਾਨ ਪੇਂਡੂ ਦੁੱਧ ਉਤਪਾਦਕ ਸਭਾਵਾਂ ਦੇ ਸਕੱਤਰਾਂ ਤੋਂ ਇਲਾਵਾ ਦੁੱਧ ਉਤਪਾਦਕਾਂ ਨੇ ਵੀ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਮਿਲਕਫੈੱਡ ਵੱਲੋਂ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਦੇ ਕੰਪਿਊਟਰਾਂ ਵਿੱਚ ਤਬਦੀਲੀਆਂ ਕਰਨ ਉਪਰੰਤ ਆ ਰਹੀਆਂ ਦਿੱਕਤਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਮਿਲਕਫੈੱਡ ਦੇ ਹੁਕਮਾਂ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਗਈ।
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਮਿਲਕ ਪਲਾਂਟ ਮੁਹਾਲੀ ਏਸ਼ੀਆ ਦਾ ਪਹਿਲੇ ਨੰਬਰ ਦਾ ਮਿਲਕ ਪਲਾਂਟ ਹੈ। ਇਹ ਦੁੱਧ ਦੀ ਗੁਣਵੱਤਾ ਅਤੇ ਮੁਨਾਫੇ ਵਿੱਚ ਅੱਗੇ ਚੱਲ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਨਵੇਂ ਹੁਕਮਾਂ ਨਾਲ ਅਨੁਸਾਰ ਜੇ ਕਿਸੇ ਪਸ਼ੂਪਾਲਕ ਦੇ ਦੁੱਧ ਦੀ ਫੈਟ ਜਾਂ ਐਨਐਸਪੀ ਘਟ ਜਾਂ ਵਧ ਜਾਵੇ ਤਾਂ ਦੁੱਧ ਵਾਪਸ ਕਰਨਾ ਪੈਂਦਾ ਹੈ। ਪ੍ਰਧਾਨ ਵੀਰ ਸਿੰਘ ਬੜਵਾ ਨੇ ਕਿਹਾ ਕਿ ਸੂਬੇ ਵਿੱਚ ਕਥਿਤ ਤੌਰ ’ਤੇ ਵੱਡੇ ਪੱਧਰ ’ਤੇ ਨਕਲੀ ਦੁੱਧ ਦਾ ਬੋਲਬਾਲਾ ਹੈ। ਇਸ ਨੂੰ ਨੱਥ ਪਾਉਣ ਦੀ ਬਜਾਇ ਮਿਹਨਤੀ ਪਸ਼ੂ ਪਾਲਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਬੁਲਾਰਿਆਂ ਨੇ ਚੇਤਾਵਨੀ ਦਿੱਤੀ ਕਿ ਜੇ 20 ਅਗਸਤ ਤੱਕ ਮਿਲਕਫੈੱਡ ਨੇ ਨਾਦਰਸ਼ਾਹੀ ਫੁਰਮਾਨ ਵਾਪਸ ਨਾ ਲਿਆ ਤਾਂ 21 ਅਗਸਤ ਨੂੰ ਸਾਰੇ ਪੰਜਾਬ ਦੇ ਦੁੱਧ ਉਤਪਾਦਕ ਅਤੇ ਕਿਸਾਨ ਜਥੇਬੰਦੀਆਂ ਦੇ ਲੋਕ ਇਕੱਠੇ ਹੋਣਗੇ ਤੇ ਮਿਲਕ ਪਲਾਂਟ ਮਹਾਲੀ ਦੇ ਗੇਟ ਪੱਕੇ ਤੌਰ ’ਤੇ ਬੰਦ ਕਰ ਦਿੱਤੇ ਜਾਣਗੇ।