ਖੇਤਰੀ ਪ੍ਰਤੀਨਿਧ
ਪਟਿਆਲਾ, 7 ਜੂਨ
ਦਿਨ ਪ੍ਰਤੀ ਦਿਨ ਪਲੀਤ ਹੁੰਦੇ ਜਾ ਰਹੇ ਵਾਤਾਵਰਨ ’ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਖੁਸ਼ਗਵਾਰ ਜ਼ਿੰਦਗੀ ਜਿਊਣ ਲਈ ਸਮੁੱਚੀ ਲੋਕਾਈ ਨੂੰ ਵਾਤਾਵਰਨ ਦੀ ਸੰਭਾਲ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਵੇਂ ਸਰਕਾਰਾਂ ਵੱਲੋਂ ਵੀ ਇਸ ਪਾਸੇ ਸੁਹਿਰਦ ਯਤਨ ਕਰਨ ਦੀ ਲੋੜ ਹੈ, ਪਰ ਪਹਿਲਾਂ ਇਸ ਪਾਸੇ ਲੋਕਾਂ ਦਾ ਖ਼ੁਦ ਸੰਜੀਦਾ ਹੋਣਾ ਲਾਜ਼ਮੀ ਹੈ, ਜਿਸ ਮਗਰੋਂ ਹੀ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਚੱਜਾ ਮਾਹੌਲ ਸਿਰਜਿਆ ਜਾ ਸਕੇਗਾ। ਉਹ ਅੱਜ ਇਥੇ ਪੰਜਾਬੀ ਯੂਨੀਵਰਸਿਟੀ ਵਿੱਚ ਭੂਗੋਲਿਕ ਵਿਭਾਗ ਦੇ ਸਾਬਕਾ ਮੁਖੀ ਡਾ. ਗੁਰਿੰਦਰ ਕੌਰ ਵੱਲੋਂ ਲਿਖੀ ਪੁਸਤਕ ‘ਆਰਥਿਕ ਵਾਧਾ, ਮੌਸਮੀ ਸੰਕਟ ਤੇ ਕੁਦਰਤੀ ਆਫ਼ਤਾਂ’ ਦੀ ਘੁੰਡ ਚੁਕਾਈ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਯਕੀਨੀ ਬਣਾਉਣ ਲਈ ਭਾਵੇਂ ਸਰਕਾਰਾਂ ’ਤੇ ਵੀ ਬਣਦਾ ਦਬਾਅ ਪਾਉਣਾ ਲਾਜ਼ਮੀ ਹੈ, ਪਰ ਸਭ ਤੋਂ ਪਹਿਲਾਂ ਲੋਕਾਂ ਨੂੰ ਖ਼ੁਦ ਇਸ ਕੰਮ ਲਈ ਅੱਗੇ ਆਉਣਾ ਪਵੇਗਾ। ਜ਼ਿਕਰਯੋਗ ਹੈ ਕਿ ਡਾ. ਗੁਰਿੰਦਰ ਕੌਰ ਦੀ ਪੁਸਤਕ ਦਿੱਲੀ ਦੇ ਦੂਸ਼ਿਤ ਵਾਤਾਵਰਨ ਲਈ ਪੰਜਾਬ ਦੇ ਕਿਸਾਨਾਂ ਨੂੰ ਕਸੂਰਵਾਰ ਠਹਿਰਾਏ ਜਾਣ ਦਾ ਜਵਾਬ ਦਿੰਦੀ ਹੈ। ਲੇਖਿਕਾ ਨੇ ਤੱਥਾਂ ਸਹਿਤ ਸਪੱਸ਼ਟ ਕੀਤਾ ਹੈ ਕਿ ਦੂਸ਼ਿਤ ਵਾਤਾਵਰਨ ਲਈ ਦਿੱਲੀ ਖ਼ੁਦ ਜ਼ਿੰਮੇਵਾਰ ਹੈ। ਇਸ ਮੌਕੇ ਲੇਖਿਕਾ ਦੇ ਪਤੀ ਤੇ ਉਘੇ ਅਰਥ ਸ਼ਾਸਤਰੀ ਡਾ. ਗਿਆਨ ਸਿੰਘ ਵੀ ਮੌਜੂਦ ਸਨ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਪੱਤਰਕਾਰ ਹਮੀਰ ਸਿੰਘ ਨੇ ਕਿਹਾ ਕਿ ਇਹ ਪੁਸਤਕ ਹਰ ਪੱਖ ਤੋਂ ਵਾਤਾਵਰਨ ਦੀ ਅਸਲ ਤਸਵੀਰ ਪੇਸ਼ ਕਰਦੀ ਹੈ। ਇਸ ਮੌਕੇ ਪਿੰਗਲਵਾੜਾ ਆਸ਼ਰਮ ਦੇ ਚੇਅਰਪਰਸਨ ਡਾ. ਇੰਦਰਜੀਤ ਕੌਰ, ਹਾਈਕੋਰਟ ਦੇ ਸਾਬਕਾ ਜਸਟਿਸ ਪਰਮਜੀਤ ਸਿੰਘ ਧਾਲੀਵਾਲ ਤੇ ਜਸਬੀਰ ਸਿੰਘ ਵੀ ਹਾਜ਼ਰ ਸਨ।