ਪਾਲ ਸਿੰਘ ਨੌਲੀ
ਜਲੰਧਰ, 22 ਜਨਵਰੀ
ਆਨਲਾਈਨ ਸੈਸ਼ਨ ਪਾਰਲੀਮੈਂਟ ਰਿਸਰਚਰ ਅਤੇ ਟਰੈਨਿੰਗ ਇੰਸਟੀਚਿਊਟ ਫਾਰ ਡੈਮੋਕਰੇਸੀ ਵੱਲੋਂ ਕਰਵਾਏ ਗਏ ਪੰਜ ਦਿਨਾਂ ਆਨ ਲਾਈਨ ਸੈਸ਼ਨ ਵਿੱਚ ਰਾਜ ਸਭਾ ਤੇ ਲੋਕ ਸਭਾ ਦੇ ਮੈਂਬਰਾਂ ਨਾਲ ਆਪਣੇ ਤਜਰਬੇ ਸਾਂਝੇ ਕਰਦਿਆ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਉਨ੍ਹਾਂ ਨੂੰ ਵਾਤਾਵਰਨ ਦਾ ਪਾਠ ਪੜ੍ਹਾਇਆ। ਇਹ ਆਨ ਲਾਈਨ ਸੈਸ਼ਨ 18 ਜਨਵਰੀ ਤੋਂ ਸ਼ੁਰੂ ਹੋਇਆ ਸੀ ਜਿਸ ਵਿੱਚ ਦੇਸ਼ ਦੀਆਂ 20 ਅਜਿਹੀਆਂ ਪਦਮਸ੍ਰੀ ਨਾਲ ਸਨਮਾਨਿਤ ਸਖਸ਼ੀਅਤਾਂ ਨੇ ਸੰਬੋਧਨ ਕੀਤਾ, ਜਿਨ੍ਹਾਂ ਨੇ ਆਪੋ ਆਪਣੇ ਖੇਤਰਾਂ ਵਿੱਚ ਸਮਾਜ ਸੇਵਾ ਦੇ ਵੱਡੇ ਕਾਰਜ ਕੀਤੇ ਹਨ। ਅੱਜ ਦੇ ਆਖਰੀ ਸੈਸ਼ਨ ਵਿੱਚ ਸੀਚੇਵਾਲ ਨੇ ਕਾਲੀ ਵੇਈਂ, ਸਤਲੁਜ ਦਰਿਆ ਦੇ ਪ੍ਰਦੂਸ਼ਣ, ਬੀਕਾਨੇਰ ਦੇ ਕੈਂਸਰ ਹਸਪਤਾਲ ਅਤੇ ਹੜ੍ਹਾਂ ਵਿੱਚ ਕੀਤੇ ਕਾਰਜਾਂ ਬਾਰੇ ਵਿਸਥਾਰ ਨਾਲ ਦੱਸਿਆ। ਇਸ ਆਨਲਾਈਨ ਸੈਸ਼ਨ ਦਾ ਉਦਘਾਟਨ ਲੋਕ ਸਭਾ ਦੇ ਸਪੀਕਰ ਨੇ 18 ਜਨਵਰੀ ਨੂੰ ਕੀਤਾ ਸੀ। ਸੀਚੇਵਾਲ ਨੇ ਇਸ ਮੌਕੇ ਕਿਸਾਨਾਂ ਦਾ ਮੁੱਦਾ ਵੀ ਚੁੱਕਿਆ। ਇਸ ਦੌਰਾਨ ਪਵਿੱਤਰ ਕਾਲੀ ਵੇਈਂ ਬਾਰੇ ਦਸਤਾਵੇਜ਼ੀ ਫਿਲਮ ਵੀ ਵਿਖਾਈ ਗਈ, ਜਿਸ ਵਿੱਚ ਦੇਸ਼ ਦੇ ਸਾਬਕਾ ਰਾਸ਼ਟਰਪਤੀ ਡਾ: ਏਪੀਜੇ ਅਬਦੁੱਲ ਕਲਾਮ ਦਾ ਉਚੇਚਾ ਜ਼ਿਕਰ ਕੀਤਾ ਗਿਆ ਸੀ।