ਪਟਿਆਲਾ (ਖੇਤਰੀ ਪ੍ਰਤੀਨਿਧ): ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਟਿਆਲਾ ਦੇ ਨਾਮ ਇੱਕ ਹੋਰ ਪ੍ਰਾਪਤੀ ਜੁੜ ਗਈ ਹੈ। ਇਸ ਸਕੂਲ ਦੇ ਵਿਦਿਆਰਥੀ ਹਰਜੀਤ ਸਿੰਘ ਦੀ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਅਮਰੀਕਾ ਵੱਲੋਂ ਚੋਣ ਕੀਤੀ ਗਈ ਹੈ। ਸਕੂਲ ਦੇ ਪ੍ਰਿੰਸੀਪਲ ਤੋਤਾ ਸਿੰਘ ਚਹਿਲ ਨੇ ਦੱਸਿਆ ਕਿ ਵਿਸ਼ਵ ਦੀ ਸਭ ਤੋਂ ਮਸ਼ਹੂਰ ਅਮਰੀਕਾ ਦੀ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਵੱਲੋਂ ਭਾਰਤ ਦੇ 1600 ਖਿਡਾਰੀਆਂ ਦੇ ਟਰਾਇਲ ਲਏ ਗਏ ਸਨ, ਇਨ੍ਹਾਂ ਵਿਚੋਂ ਹਰਜੀਤ ਸਿੰਘ ਦੀ ਚੋਣ ਕੀਤੀ ਗਈ ਹੈ। ਉਹ ਛੇਵੀਂ ਜਮਾਤ ਤੋਂ ਸਪੋਰਟਸ ਵਿੰਗ ਨਾਲ ਜੁੜਿਆ ਹੋਇਆ ਹੈ। ਕੌਮਾਂਤਰੀ ਕੋਚ ਅਮਰਜੋਤ ਸਿੰਘ ਦੀ ਸਰਪ੍ਰਸਤੀ ਹੇਠ ਉਹ ਦਸਵੀਂ ਤੱਕ ਕੌਮੀ ਖਿਡਾਰੀ ਬਣ ਗਿਆ। ਹਰਜੀਤ ਦੇ ਰਹਿਣ-ਸਹਿਣ ਅਤੇ ਪੜ੍ਹਾਈ ਦਾ ਖਰਚ ਅਮਰੀਕਾ ਦੀ ਇਸ ਐਸੋਸੀਏਸ਼ਨ ਵੱਲੋਂ ਚੁੱਕਿਆ ਜਾਵੇਗਾ। ਇਸ ਮੌਕੇ ਅਧਿਆਪਕ ਆਗੂ ਅਮਰਿੰਦਰ ਸਿੰਘ ਬਾਬਾ, ਹਰਦੀਪ ਕੌਰ, ਕਮਲਦੀਪ ਕੌਰ, ਰਣਜੀਤ ਸਿੰਘ ਬੀਰੋਕੇ, ਬਲਵਿੰਦਰ ਸਿੰਘ, ਰਵਿੰਦਰ ਸਿੰਘ ਤੇ ਹਰਵੀਰ ਕੌਰ ਵੀ ਹਾਜ਼ਰ ਸਨ।