ਪੱਤਰ ਪ੍ਰੇਰਕ
ਚੰਡੀਗੜ੍ਹ, 19 ਫਰਵਰੀ
ਹਰਿਆਣਾ ਸਾਹਿਤ ਅਕਾਦਮੀ ਨੇ ਸਾਹਿਤਕਾਰ ਸਨਮਾਨ ਯੋਜਨਾ ਸਾਲ 2017, 2018 ਅਤੇ 2019 ਲਈ ਵੱਖ-ਵੱਖ ਸਨਮਾਨਾਂ ਤਹਿਤ ਸਾਹਿਤਕਾਰਾਂ ਦੀ ਚੋਣ ਕਰ ਲਈ ਹੈ। ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਡਾ. ਅਮਿਤ ਅਗਰਵਾਲ ਨੇ ਦੱਸਿਆ ਕਿ ਅਕਾਦਮੀ ਚੇਅਰਮੈਨ ਅਤੇ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਇਨ੍ਹਾਂ ਸਨਮਾਨਾਂ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਸਾਲ 2017 ਲਈ ਅਕਾਦਮੀ ਵੱਲੋਂ ਕੌਮੀ ਪੱਧਰ ’ਤੇ ਪ੍ਰਦਾਨ ਕੀਤੇ ਜਾਣ ਵਾਲੇ ਆਜੀਵਨ ਸਾਹਿਤ ਸਾਧਨਾ ਸਨਮਾਨ (ਰਕਮ 7 ਲੱਖ ਰੁਪਏ) ਤਹਿਤ ਦਿੱਲੀ ਵਾਸੀ ਸੀਨੀਅਰ ਸਾਹਿਤਕਾਰ ਅਤੇ ਚਿੰਤਕ ਡਾ. ਕਮਲ ਕਿਸ਼ੋਰ ਗੋਇਨਕਾ, ਸਾਲ 2018 ਦੇ ਲਈ ਦਿੱਲੀ ਦੇ ਸੀਨੀਅਰ ਲੇਖਕ ਅਤੇ ਸਮਾਲੋਚਕ ਡਾ. ਸਰੇਸ਼ ਗੌਤਮ ਅਤੇ ਸਾਲ 2019 ਲਈ ਚੰਡੀਗੜ੍ਹ ਦੇ ਸੀਨੀਅਰ ਸਾਹਿਤਕਾਰ ਅਤੇ ਚਿੰਤਕ ਮਾਧਵ ਕੌਸ਼ਿਕ ਨੂੰ ਚੁਣਿਆ ਗਿਆ ਹੈ। ਸ੍ਰੀ ਅਗਰਵਾਲ ਮੁਤਾਬਕ ਮਹਾਕਵੀ ਸੂਰਦਾਸ ਆਜੀਵਨ ਸਾਹਿਤ ਸਾਧਨਾ ਸਨਮਾਨ (ਰਕਮ 5 ਲੱਖ ਰੁਪਏ) ਲਈ ਸਾਲ 2017 ਲਈ ਵਾਸਤੇ ਰੋਹਤਕ ਦੇ ਡਾ. ਪੂਰਨਚੰਦ ਸ਼ਰਮਾ, ਸਾਲ 2018 ਲਈ ਰੋਹਤਕ ਦੇ ਮਧੂਕਾਂਤ ਅਤੇ ਸੋਨੀਪਤ ਵਾਸੀ ਡਾ. ਸੰਤਰਾਮ ਦੇਸ਼ਵਾਲ ਅਤੇ ਸਾਲ 2019 ਲਈ ਫਰੀਦਾਬਾਦ ਦੇ ਡਾ. ਸੁਦਰਸ਼ਨ ਰਤਨਾਕਰ ਅਤੇ ਗੁਰੂਗ੍ਰਾਮ ਦੀ ਸ੍ਰੀਮਤੀ ਚੰਦਰਕਾਂਤਾ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੰਡਤ ਮਾਧਵ ਪ੍ਰਸਾਦ ਮਿਸ਼ਰ ਸਨਮਾਨ (2.50 ਲੱਖ ਰੁਪਏ) ਦੇ ਤਹਿਤ ਸਾਲ 2017 ਲਈ ਡਾ. ਰਾਮਫਲ ਚਹਿਲ (ਰੋਹਤਕ), ਸਾਲ 2018 ਲਈ ਡਾ. ਮਹਾਵੀਰ ਪ੍ਰਸਾਦ ਸ਼ਰਮਾ (ਕਰਨਾਲ) ਅਤੇ ਡਾ. ਸ਼ੀਲ ਕੌਸ਼ਿਕ (ਸਿਰਸਾ) ਅਤੇ ਸਾਲ 2019 ਵਾਸਤੇ ਡਾ. ਲਾਲਚੰਦ ਗੁਪਤ ਮੰਗਲ (ਕੁਰੂਕਸ਼ੇਤਰ) ਨੂੰ ਚੁਣਿਆ ਗਿਆ ਹੈ।