ਜਸਵੰਤ ਜੱਸ
ਫਰੀਦਕੋਟ, 21 ਸਤੰਬਰ
ਬਾਬਾ ਫ਼ਰੀਦ ਲਾਅ ਕਾਲਜ ਵਿੱਚ ਬਾਬਾ ਫਰੀਦ ਆਗਮਨ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਡਾ. ਆਈਆਰ ਖਾਨ ਐਸੋਸੀਏਟ ਪ੍ਰੋਫੈਸਰ ਅਤੇ ਐੱਚਓਡੀ ਹਿਸਟਰੀ ਵਿਭਾਗ ਪੀਜੀ ਕਾਲਜ ਸ਼ਾਹਜਹਾਨਪੁਰ, ਯੂਪੀ ਅਤੇ ਮਹਾਨ ਲਿਖਾਰੀ ਪ੍ਰੋ. ਬੇਅੰਤ ਸਿੰਘ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਬਾਬਾ ਫਰੀਦ ਧਾਰਮਿਕ ਅਤੇ ਵਿਦਿਅਕ ਸੰਸਥਾਵਾਂ ਦੇ ਪ੍ਰਧਾਨ ਸਿਮਰਜੀਤ ਸਿੰਘ ਸੇਖੋਂ ਨੇ ਕਿਹਾ ਕਿ ਬਾਰ੍ਹਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫ਼ਰੀਦ ਦਾ ਸਾਰੇ ਧਰਮਾਂ ਵਿੱਚ ਬਰਾਬਰ ਸਤਿਕਾਰ ਹੁੰਦਾ ਹੈ, ਕਿਉਂਕਿ ਉਨ੍ਹਾਂ ਦੀ ਬਾਣੀ ਨੇ ਮਨੁੱਖਤਾ ਦੇ ਭਲੇ ਦੀ ਗੱਲ ਕੀਤੀ ਹੈ। ਇਸ ਮੌਕੇ ਕਮੇਟੀ ਮੈਂਬਰ ਦੀਪਇੰਦਰ ਸਿੰਘ ਸੇਖੋਂ, ਡਾ. ਗੁਰਇੰਦਰ ਮੋਹਨ ਸਿੰਘ, ਸੁਰਿੰਦਰ ਸਿੰਘ ਰੋਮਾਣਾ, ਬਾਬਾ ਫਰੀਦ ਲਾਅ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਪੰਕਜ ਗਰਗ ਅਤੇ ਬਾਬਾ ਫਰੀਦ ਪਬਲਿਕ ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਸੁਖਦੀਪ ਕੌਰ ਹਾਜ਼ਰ ਸਨ।
ਅੱਜ ਹੋਣ ਵਾਲੇ ਸਮਾਗਮ
ਬਾਬਾ ਫਰੀਦ ਆਗਮਨ ਪੁਰਬ ਦੇ ਤੀਜੇ ਦਿਨ 22 ਸਤੰਬਰ ਨੂੰ ਇੱਥੇ ਕੌਮੀ ਲੋਕ ਨਾਚ ਮੁਕਾਬਲੇ ਹੋਣਗੇ। ਇਸ ਤੋਂ ਇਲਾਵਾ ਪੰਡਤ ਚੇਤਨ ਦੇਵ ਕਾਲਜ ਵਿੱਚ ਕਵੀ ਦਰਬਾਰ ਹੋਵੇਗਾ। ਰਾਤ ਨੂੰ ਮੁੱਖ ਪੰਡਾਲ ਵਿੱਚ ਸਟਾਰ ਨਾਈਟ ਦੌਰਾਨ ਗਾਇਕ ਕੰਵਰ ਗਰੇਵਾਲ ਆਉਣਗੇ। ਸਾਰਾ ਦਿਨ ਬਰਜਿੰਦਰਾ ਕਾਲਜ ਵਿੱਚ ਪੁਸਤਕ ਮੇਲਾ ਲੱਗੇਗਾ। ਨਹਿਰੂ ਸਟੇਡੀਅਮ ਵਿੱਚ ਕਬੱਡੀ, ਹੈਂਡਬਾਲ, ਬੈਡਮਿੰਟਨ, ਬਾਸਕਟਬਾਲ ਦੇ ਮੁਕਾਬਲੇ ਹੋਣਗੇ ਅਤੇ ਐਸਟ੍ਰੋਟਰਫ ਮੈਦਾਨ ਵਿੱਚ ਹਾਕੀ ਦਾ ਮੈਚ ਹੋਵੇਗਾ।