ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 24 ਦਸੰਬਰ
ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵੱਲੋਂ ਮਾਤਾ ਗੁਜ਼ਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਰੋਜ਼ਾ ਕੌਮੀ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਪ੍ਰਧਾਨਗੀ ਕਰਦਿਆਂ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਪ੍ਰਿਤਪਾਲ ਸਿੰਘ ਨੇ ਕਿਹਾ ਕਿ ਸਿੱਖ ਇਤਿਹਾਸ ਅਤੇ ਗੁਰਮਤਿ ਸਿਧਾਂਤ ਦਾ ਪ੍ਰਚਾਰ-ਪ੍ਰਸਾਰ ਯੂਨੀਵਰਸਿਟੀ ਦੀ ਸਥਾਪਨਾ ਪਿਛਲੇ ਮੁੱਢਲੇ ਸਰੋਕਾਰ ਹਨ। ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਤੋਂ ਸਵੈਮਾਣ, ਧਾਰਮਿਕ ਆਜ਼ਾਦੀ ਅਤੇ ਮਨੁੱਖੀ ਹੱਕਾਂ ਦੀ ਰਾਖੀ ਦਾ ਸਬਕ ਲਿਆ ਜਾਂਦਾ ਹੈ। ਮੁੱਖ ਬੁਲਾਰੇ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਹਰਪਾਲ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਵੱਲੋਂ ਮੁਗ਼ਲਾਂ ਅਤੇ ਪਹਾੜੀ ਰਾਜਿਆਂ ਦੀਆਂ ਕਸਮਾਂ ਬਦਲੇ ਸ੍ਰੀ ਆਨੰਦਪੁਰ ਸਾਹਿਬ ਛੱਡਣਾ ਗੁਰਮਤਿ ਅੰਦਰ ਦੂਜੇ ਦੇ ਵਿਸ਼ਵਾਸ ਦੇ ਆਦਰ ਦਾ ਆਦਰਸ਼ ਪੇਸ਼ ਕਰਦਾ ਹੈ। ਡਾ. ਸਿਕੰਦਰ ਸਿੰਘ, ਇੰਚਾਰਜ ਪੰਜਾਬੀ ਵਿਭਾਗ ਨੇ ਸਰਹਿੰਦ ਦੇ ਸ਼ਹੀਦੀ ਸਾਕੇ ਸਬੰਧੀ ਮੌਖਿਕ, ਪ੍ਰੰਪਗਤਾ, ਅਕਾਦਮਿਕ ਤੇ ਵਕਤੀ ਰਾਜਸੀ ਪ੍ਰਵਚਨਾਂ ਦਾ ਲੇਖਾ-ਜੋਖਾ ਕੀਤਾ।