ਪੱਤਰ ਪ੍ਰੇਰਕ
ਸ੍ਰੀ ਫ਼ਤਹਿਗੜ੍ਹ ਸਾਹਿਬ, 14 ਅਕਤੂਬਰ
ਮਾਤਾ ਗੁਜਰੀ ਕਾਲਜ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ’ਚ ਧਰਮ ਅਧਿਐਨ ਅਤੇ ਇਤਿਹਾਸ ਵਿਭਾਗ ਵੱਲੋਂ ‘ਸਿੱਖ ਜੀਵਨ ਜਾਚ’ ਵਿਸ਼ੇ ’ਤੇ ਵਿਸ਼ੇਸ਼ ਸੈਮੀਨਾਰ ਕੀਤਾ ਗਿਆ।
ਇਸ ਵਿਸ਼ੇਸ਼ ਸੈਮੀਨਾਰ ਵਿਚ ਸ਼ੇਅਰ ਚੈਰਿਟੀ, ਯੂ.ਕੇ. ਤੋਂ ਤਰਸੇਮ ਸਿੰਘ ਅਤੇ ਰਮਨਦੀਪ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ ਜਿਨ੍ਹਾਂ ਨੇ ਕ੍ਰਮਵਾਰ ਕੁੰਜੀਵਤ ਭਾਸ਼ਣ ਅਤੇ ਵਿਸ਼ੇਸ਼ ਭਾਸ਼ਣ ਦਿੱਤਾ। ਤਰਸੇਮ ਸਿੰਘ ਨੇ ਕਿਹਾ ਕਿ ਮਨੁੱਖ ਲਈ ਸਭ ਤੋਂ ਵੱਡਾ ਡਰ ਮੌਤ ਦਾ ਹੈ, ਗੁਰਬਾਣੀ ਵੀ ਮੌਤ ਹੀ ਚੇਤੇ ਕਰਵਾਉਂਦੀ ਹੈ ਅਤੇ ਅਕਾਲ ਪੁਰਖ ਨੂੰ ਯਾਦ ਕਰਨ ਲਈ ਉਤਸ਼ਾਹਿਤ ਕਰਦੀ ਹੈ। ਰਮਨਦੀਪ ਸਿੰਘ ਨੇ ਗੁਰਬਾਣੀ ਅਨੁਸਾਰ ਮਨੁੱਖੀ ਜੀਵਨ ਦੀਆਂ ਦਸ ਅਵਸਥਾਵਾਂ ਦੀ ਵਿਆਖਿਆ ਕੀਤੀ। ਉਨ੍ਹਾਂ ਨੇ ਮਨੁੱਖੀ ਜੀਵਨ ਦੀ ਸਫਲਤਾ ‘ਗੁਰੂ ਦੀ ਸ਼ਰਨ’ ਨੂੰ ਦੱਸਦਿਆਂ ਕਿਹਾ ਕਿ ਗੁਰੂ ਰਾਮਦਾਸ ਜੀ ਦੇ ਜੀਵਨ ਦੇ ਇਲਾਹੀ ਗੁਣ ਗੁਰੂ ਅਮਰਦਾਸ ਜੀ ਦੀ ਸ਼ਰਨ ਵਿੱਚ ਹੀ ਪੈਦਾ ਹੋਏ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੇ ਇਸ ਸੈਮੀਨਾਰ ਵਿੱਚ ਸਿੱਖ ਜੀਵਨ ਜਾਚ ਸਿੱਖੀ ਹੈ, ਜਿਸ ’ਤੇ ਚੱਲ ਕੇ ਉਨ੍ਹਾਂ ਦੇ ਅਧਿਆਤਮਕ ਜੀਵਨ ਵਿੱਚ ਖੁਸ਼ਹਾਲੀ ਆਵੇਗੀ। ਇਤਿਹਾਸ ਵਿਭਾਗ ਦੇ ਮੁਖੀ ਪ੍ਰੋ. ਹਰਭਿੰਦਰ ਸਿੰਘ ਮੰਚ ਸੰਚਾਲਨ ਕੀਤਾ।