ਚਰਨਜੀਤ ਭੁੱਲਰ
ਚੰਡੀਗੜ੍ਹ, 23 ਸਤੰਬਰ
ਪੰਜਾਬ ਯੂਨੀਵਰਸਿਟੀ ਸੈਨੇਟ ਦੀ ਗਰੈਜੂਏਟ ਹਲਕੇ ਲਈ ਚੋਣ ਪ੍ਰਚਾਰ ਆਖਰੀ ਪੜਾਅ ’ਚ ਦਾਖਲ ਹੋ ਗਿਆ ਹੈ। ਇਕਲੌਤੀ ਗਰੈਜੂਏਟ ਹਲਕੇ ਦੀ ਚੋਣ ਬਕਾਇਆ ਸੀ, ਜਿਸ ਲਈ ਕੁਝ ਉਮੀਦਵਾਰਾਂ ਨੂੰ ਕਰੀਬ ਵੀਹ ਦਿਨ ’ਵਰਸਿਟੀ ’ਚ ਧਰਨਾ ਵੀ ਦੇਣਾ ਪਿਆ। ਗਰੈਜੂਏਟ ਹਲਕੇ ਦੀ ਚੋਣ 26 ਸਤੰਬਰ ਨੂੰ ਹੋਵੇਗੀ, ਜਿਸ ਲਈ ਕੁੱਲ 382 ਪੋਲਿੰਗ ਬੂਥ ਹਨ, ਜਿਨ੍ਹਾਂ ’ਚੋਂ 211 ਬੂਥਾਂ ’ਤੇ ਵੋਟਾਂ ਪੈਣਗੀਆਂ। ਗਰੈਜੂਏਟ ਹਲਕੇ ਦੇ ਕੁੱਲ 3.62 ਲੱਖ ਵੋਟਰ ਹਨ ਜਿਨ੍ਹਾਂ ਲਈ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਦਿੱਲੀ, ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਵਿੱਚ ਵੀ ਪੋਲਿੰਗ ਬੂਥ ਬਣਦੇ ਹਨ।
ਪ੍ਰਾਪਤ ਵੇਰਵਿਆਂ ਅਨੁਸਾਰ ਕੁਝ ਸੂਬਿਆਂ ’ਚ ਪ੍ਰਵਾਨਗੀ ਨਾ ਮਿਲਣ ਕਰਕੇ ਦੂਸਰੇ ਗੇੜ ਵਿੱਚ ਚੋਣ ਹੋਵੇਗੀ। ਗਰੈਜੂਏਟ ਹਲਕੇ ਵਿੱਚ 43 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਚੋਂ ਅੱਧੀ ਦਰਜਨ ਦੇ ਕਰੀਬ ਪਹਿਲਾਂ ਵੀ ਇੱਕ ਤੋਂ ਜ਼ਿਆਦਾ ਵਾਰ ਸੈਨੇਟ ਮੈਂਬਰ ਰਹਿ ਚੁੱਕੇ ਹਨ। ਰਵਿੰਦਰ ਨਾਥ ਸ਼ਰਮਾ ਵੀ ਚੋਣ ਮੈਦਾਨ ਵਿੱਚ ਹਨ, ਜੋ ਪਹਿਲਾਂ ਵੀ ਕਰੀਬ ਛੇ ਵਾਰ ਸੈਨੇਟ ਮੈਂਬਰ ਰਹਿ ਚੁੱਕੇ ਹਨ। ਉਹ ਸੱਤਵੀਂ ਵਾਰ ਚੋਣ ਲੜ ਰਹੇ ਹਨ। ਸ੍ਰੀ ਸ਼ਰਮਾ ਦਾ ਕਹਿਣਾ ਸੀ ਕਿ ਉਹ ’ਵਰਸਿਟੀ ਦੇ ਲੋਕਰਾਜੀ ਸਰੂਪ ਨੂੰ ਬਚਾਉੁਣ ਲਈ ਲੜਾਈ ਲੜ ਰਹੇ ਹਨ ਤੇ ਉਨ੍ਹਾਂ ਨੂੰ ਚੋਣਾਂ ਲਈ ਵੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਹੈ। ਉਮੀਦਵਾਰ ਡੀਪੀਐੱਸ ਰੰਧਾਵਾ ਤਿੰਨ ਵਾਰ ਸੈਨੇਟ ਮੈਂਬਰ ਰਹਿ ਚੁੱਕੇ ਹਨ ਤੇ ਹੁਣ ਚੌਥੀ ਵਾਰ ਗਰੈਜੂਏਟ ਹਲਕੇ ਤੋਂ ਚੋਣ ਮੈਦਾਨ ਵਿੱਚ ਹਨ। ਉਨ੍ਹਾਂ ਕਿਹਾ ਕਿ ਉਹ ਯੂਨੀਵਰਸਿਟੀ ਦੀ ਖੁਦਮੁਖਤਿਆਰੀ ਲਈ ਲੜਾਈ ਲੜ ਰਹੇ ਹਨ ਤਾਂ ਜੋ ’ਵਰਸਿਟੀ ਦੇ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਇਸੇ ਤਰ੍ਹਾਂ ਚੋਣ ਮੈਦਾਨ ਵਿਚ ਅਬੋਹਰ ਨਿਵਾਸੀ ਵਰਿੰਦਰ ਸਿੰਘ ਗਿੱਲ ਉਰਫ ਵਿੱਕੀ ਗਿੱਲ ਵੀ ਤੀਜੀ ਦਫਾ ਗਰੈਜੂਏਟ ਹਲਕੇ ਤੋਂ ਚੋਣ ਲੜ ਰਹੇ ਹਨ, ਜੋ ਪਹਿਲਾਂ ਦੋ ਦਫਾ ਸੈਨੇਟ ਮੈਂਬਰ ਰਹੇ ਹਨ। ਵਰਿੰਦਰ ਗਿੱਲ ਦਾ ਕਹਿਣਾ ਸੀ ਕਿ ਉਹ ਪਹਿਲਾਂ ਵੀ ਬਤੌਰ ਸੈਨੇਟ ਮੈਂਬਰ ਸਰਹੱਦੀ ਇਲਾਕੇ ਤੇ ਪੇਂਡੂ ਇਲਾਕੇ ਦੇ ਵਿਦਿਆਰਥੀਆਂ ਲਈ ਆਵਾਜ਼ ਬੁਲੰਦ ਕਰਦੇ ਹੋਏ ’ਵਰਸਿਟੀ ਦੇ ਵਿਭਾਗਾਂ ਅਤੇ ਕਾਲਜਾਂ ਵਿਚ ਸਰਹੱਦੀ/ਪੇਂਡੂ ਬੱਚਿਆਂ ਲਈ ਵਾਧੂ ਸੀਟਾਂ ਰਾਖਵੀਆਂ ਕਰਾ ਚੁੱਕੇ ਹਨ। ਹੁਣ ਉਹ ’ਵਰਸਿਟੀ ਤੋਂ ਦੂਰ ਦੁਰਾਡੇ ਵਾਲੇ ਵਿਦਿਆਰਥੀਆਂ ਦੀਆਂ ਦਿੱਕਤਾਂ ਦੇ ਮਸਲੇ ਉਠਾਉਣਗੇ। ਡੀਏਵੀ ਮੈਨੇਜਮੈਂਟ ਵੱਲੋਂ ਵੀ ਉਮੀਦਵਾਰ ਆਪਣੇ ਚੋਣ ਪ੍ਰਚਾਰ ਵਿੱਚ ਜੁਟੇ ਹੋਏ ਹਨ।
ਪੇਂਡੂ ਬੱਚਿਆਂ ਲਈ ਕੰਮ ਕਰਾਂਗੇ: ਡਾ. ਸੰਘਾ
ਦਸਮੇਸ਼ ਗਰਲਜ਼ ਕਾਲਜ ਪਿੰਡ ਬਾਦਲ ਦੇ ਪ੍ਰਿੰਸੀਪਲ ਡਾ. ਸੁਰਿੰਦਰ ਸਿੰਘ ਸੰਘਾ ਨੂੰ ਪੰਜਾਬ ’ਵਰਸਿਟੀ ਦੇ ਸੈਨੇਟ ਮੈਂਬਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ’ਵਰਸਿਟੀ ਦੇ ਚਾਂਸਲਰ ਵੱਲੋਂ 36 ਮੈਂਬਰ ਨਾਮਜ਼ਦ ਕੀਤੇ ਗਏ ਹਨ। ਡਾ. ਸੰਘਾ ਨੇ ਕਿਹਾ ਕਿ ਉਹ ਪਹਿਲਾਂ ਵਾਂਗ ਯੂਨੀਵਰਸਿਟੀ ਦੀ ਖੇਡ ਪ੍ਰਬੰਧਾਂ ਵਿੱਚ ਬਿਹਤਰੀ ਅਤੇ ਪੇਂਡੂ ਵਿਦਿਆਰਥੀਆਂ ਲਈ ਆਪਣੇ ਉਪਰਾਲੇ ਜਾਰੀ ਰੱਖਣਗੇ। ਦੱਸਣਯੋਗ ਹੈ ਕਿ ਡਾ. ਸੰਘਾ ਪਹਿਲਾਂ ਵੀ ਪੰਜ ਦਫਾ ਸੈਨੇਟ ਮੈਂਬਰ ਰਹਿ ਚੁੱਕੇ ਹਨ।