ਮਹਿੰਦਰ ਸਿੰਘ ਰੱਤੀਆਂ
ਮੋਗਾ, 15 ਸਤੰਬਰ
ਇੱਥੋਂ ਦੇ ਸਿਵਲ ਹਸਪਤਾਲ ਵਿੱਚ ਮਾਈ ਦੌਲਤਾਂ ਜੱਚਾ-ਬੱਚਾ ਇਮਾਰਤ ਦਾ ਉਦਘਾਟਨ ਕਰਨ ਪਹੁੰਚੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ 15 ਸਤੰਬਰ ਤੱਕ ਕਰੋਨਾ ਦੀ ਵੈਕਸੀਨ ਨਾ ਲਗਵਾਉਣ ਵਾਲੇ ਮੁਲਾਜ਼ਮਾਂ ਨੂੰ ਛੁੱਟੀ ’ਤੇ ਭੇਜਣ ਦੇ ਫ਼ੈਸਲੇ ਨੂੰ ਸਰਕਾਰ ਦੀ ਘੁਰਕੀ ਆਖਿਆ ਹੈ। ਉਨ੍ਹਾਂ ਕਿਹਾ ਕਿ ਜੇ ਪੜ੍ਹੇ-ਲਿਖੇ ਵਰਗ ਅਤੇ ਸਰਕਾਰੀ ਸੇਵਾਵਾਂ ਨਾਲ ਜੁੜੇ ਲੋਕ ਹੀ ਵੈਕਸੀਨ ਲਗਵਾਉਣ ਤੋਂ ਕੰਨੀ ਕਤਰਾਉਣਗੇ ਤਾਂ ਆਮ ਆਦਮੀ ਤੋਂ ਕੀ ਆਸ ਰੱਖੀ ਜਾ ਸਕਦੀ ਹੈ। ਲੋਕਾਂ ਵਿੱਚ ਵੈਕਸੀਨ ਲਵਾਉਣ ਲਈ ਜਾਗਰੂਕਤਾ ਆ ਚੁੱਕੀ ਹੈ, ਉਹ ਸਮਝ ਰਹੇ ਹਨ ਕਿ ਜੇ ਉਨ੍ਹਾਂ ਵੈਕਸੀਨ ਲਗਵਾ ਲਈ ਤਾਂ ਉਹ ਮਹਾਮਾਰੀ ਤੋਂ ਬਚ ਸਕਦੇ ਹਨ। ਇਸ ਦੌਰਾਨ ਸਿੱਧੂ ਨੇ ਮਾਈ ਦੌਲਤਾਂ ਜੱਚਾ-ਬੱਚਾ ਬਹੁਮੰਜ਼ਲੀ ਇਮਾਰਤ ਦਾ ਉਦਘਾਟਨ ਕੀਤਾ। ਇਸ ਇਮਾਰਤ ਵਿੱਚ 50 ਬੈੱਡਾਂ ਦੀ ਸਹੂਲਤ ਹੈ। ਮਾਹਿਰ ਡਾਕਟਰਾਂ ਅਤੇ ਸਿਹਤ ਕਾਮਿਆਂ ਦੀ ਭਰਤੀ ਦਾ ਕੰਮ ਚਾਲੂ ਹੈ। ਸਿਹਤ ਮੰਤਰੀ ਅਨੁਸਾਰ ਜਲਦੀ ਹੀ 600 ਡਾਕਟਰ ਹੋਰ ਭਰਤੀ ਕੀਤੇ ਜਾ ਰਹੇ ਹਨ।
‘ਸਿਹਤ ਸਹੂਲਤਾਂ ਦੇਣ ’ਚ ਪੰਜਾਬ ਦੀ ਕੋਈ ਰੀਸ ਨਹੀਂ ਕਰ ਸਕਦਾ’
ਸਿਹਤ ਮੰਤਰੀ ਬਲਬੀਰ ਸਿੱਧੂ ਨੇ ਦੱਸਿਆ ਕਿ ਸੂਬੇ ਵਿੱਚ ਪਹਿਲੀ ਡੋਜ਼ ਦਾ ਕਰੀਬ 58 ਫ਼ੀਸਦੀ ਤੇ ਦੂਜੀ ਡੋੋਜ਼ ਦਾ ਕਰੀਬ 18 ਫ਼ੀਸਦੀ ਟੀਕਾਕਰਨ ਹੋ ਚੁੱਕਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਿਹਤ ਸਹੂਲਤਾਂ ਦੇਣ ਵਿੱਚ ਦਿੱਲੀ ਸਣੇ ਕੋਈ ਵੀ ਸੂਬਾ ਪੰਜਾਬ ਦੀ ਰੀਸ ਨਹੀਂ ਕਰ ਸਕਦਾ। ਤਿਉਹਾਰੀ ਮੌਸਮ ’ਚ ਕਰੋਨਾ ਦੀ ਤੀਜੀ ਲਹਿਰ ਦੇ ਕਥਿਤ ਜ਼ੋਖ਼ਮ ਨੂੰ ਰੋਕਣ ਲਈ ਸਿਹਤ ਵਿਭਾਗ ਨੂੰ ਚੌਕਸ ਕਰ ਦਿੱਤਾ ਗਿਆ ਹੈ।