ਸਤਵਿੰਦਰ ਬਸਰਾ
ਲੁਧਿਆਣਾ, 25 ਅਕਤੂਬਰ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਫੁੱਟਪਾਊ ਤਾਕਤਾਂ ਲੋਕਾਂ ਨੂੰ ਜਾਤ, ਧਰਮ, ਭਾਸ਼ਾ ਦੇ ਆਧਾਰ ’ਤੇ ਵੰਡਣ ਦਾ ਯਤਨ ਕਰ ਰਹੀਆਂ ਹਨ, ਜੋ ਦੇਸ਼ ਦੇ ਹਿੱਤ ਵਿੱਚ ਨਹੀਂ ਹੈ। ਉਨ੍ਹਾਂ ਆਪਸੀ ਭਾਈਚਾਰਾ ਅਤੇ ਮਿਲਵਰਤਨ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ। ਉਹ ਅੱਜ ਇੱਥੇ ਰਾਮਗੜ੍ਹੀਆ ਗਰਲਜ਼ ਕਾਲਜ ਵਿੱਚ ਵਿਸ਼ਵਕਰਮਾ ਦਿਵਸ ਮੌਕੇ ਕਰਵਾਏ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਵਿਸ਼ਵਕਰਮਾ ਜੀ ਬ੍ਰਹਿਮੰਡ ਵਿੱਚ ਰਚਨਾਤਮਕਤਾ, ਇੰਜਨੀਅਰਿੰਗ, ਉਸਾਰੀ ਸ਼ੈਲੀ ਅਤੇ ਤਕਨਾਲੋਜੀ ਦੇ ਮੋਢੀ ਸਨ। ਉਨ੍ਹਾਂ ਦੀ ਸਰਕਾਰ ਭਗਵਾਨ ਵਿਸ਼ਵਕਰਮਾ ਦੇ ਨਕਸ਼ੇ-ਕਦਮ ’ਤੇ ਚੱਲਦਿਆਂ ਸੂਬੇ ਦੀ ਸਮੁੱਚੀ ਵਿਵਸਥਾ ਵਿੱਚ ਸੁਧਾਰ ਲਿਆਵੇਗੀ। ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸੂਬੇ ਦੀ ਦੌਲਤ ਨੂੰ ਬੇਰਹਿਮੀ ਨਾਲ ਲੁੱਟਿਆ ਅਤੇ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾਇਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੀ ਭਾਲ ਕਰਨ ਵਾਲਿਆਂ ਦੀ ਬਜਾਇ ਨੌਕਰੀਆਂ ਦੇਣ ਵਾਲੇ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮੁੱਖ ਮੰਤਰੀ ਨੇ ਅਫ਼ਸੋਸ ਜ਼ਾਹਿਰ ਕੀਤਾ ਕਿ ਫੁੱਟ ਪਾਊ ਤਾਕਤਾਂ ਜਾਤ, ਧਰਮ, ਭਾਸ਼ਾ ਆਦਿ ਦੇ ਆਧਾਰ ’ਤੇ ਲੋਕਾਂ ਵਿੱਚ ਫੁੱਟ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ, ਜੋ ਦੇਸ਼ ਹਿੱਤ ਵਿੱਚ ਨਹੀਂ ਹੈ। ਇਸ ਲਈ ਫ਼ਿਰਕੂ ਸਾਂਝ, ਭਾਈਚਾਰਾ ਅਤੇ ਮਿਲਵਰਤਨ ਵਰਗੀਆਂ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ। ਸਮਾਗਮ ਵਿੱਚ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਵਿਧਾਇਕ ਗੁਰਪ੍ਰੀਤ ਬੱਸੀ ਗੋਗੀ, ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਵਿਧਾਇਕ ਮਦਨ ਲਾਲ ਬੱਗਾ, ਵਿਧਾਇਕ ਹਾਕਮ ਸਿੰਘ ਠੇਕੇਦਾਰ, ਵਿਧਾਇਕ ਜੀਵਨ ਸਿੰਘ ਸੰਗੋਵਾਲ, ਵਿਧਾਇਕ ਰਜਿੰਦਰਪਾਲ ਕੌਰ ਛੀਨਾ, ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਵਿਧਾਇਕ ਹਰਦੀਪ ਸਿੰਘ ਮੁੰਡੀਆਂ, ਡਾ. ਕੇਐੱਨਐੱਸ ਕੰਗ, ਡਾ. ਸੁਖਪਾਲ ਸਿੰਘ, ਪ੍ਰੋ. ਗੁਰਭਜਨ ਸਿੰਘ ਗਿੱਲ ਆਦਿ ਹਾਜ਼ਰ ਸਨ।
ਧੂਰੀ ਵਿੱਚ ਬਣੇਗਾ ਹੈਵੀ ਡਰਾਈਵਿੰਗ ਲਾਇਸੈਂਸ ਟਰੇਨਿੰਗ ਸੈਂਟਰ
ਧੂਰੀ (ਪਵਨ ਵਰਮਾ/ ਹਰਦੀਪ ਸੋਢੀ): ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ਵਕਰਮਾ ਦਿਵਸ ਮੌਕੇ ਅੱਜ ਇੱਥੇ ਵਿਸ਼ਵਕਰਮਾ ਮੰਦਰ ਵਿੱਚ ਧਾਰਮਿਕ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੰਦਰ ਕਮੇਟੀ ਪ੍ਰਬੰਧਕਾਂ ਨੇ ਮੁੱਖ ਮੰਤਰੀ ਦਾ ਸਨਮਾਨ ਵੀ ਕੀਤਾ। ਮੁੱਖ ਮੰਤਰੀ ਨੇ ਆਪਣੇ ਵਿਧਾਨ ਸਭਾ ਹਲਕੇ ਧੂਰੀ ਨੂੰ ਨਮੂਨੇ ਦਾ ਸ਼ਹਿਰ ਬਣਾਉਣ ਦਾ ਵਾਅਦਾ ਕਰਦਿਆਂ ਕਿਹਾ ਕਿ ਧੂਰੀ ਸ਼ਹਿਰ ਵਿੱਚ ਪੈਂਦੇ ਰਜਵਾਹੇ ਨੂੰ ਢਕਿਆ ਜਾਵੇਗਾ, ਧੂਰੀ ਦੇ ਸਿਵਲ ਹਸਪਤਾਲ ਨੂੰ ਅਪਗਰੇਡ ਕਰ ਕੇ ਮੈਡੀਕਲ ਸਹੂਲਤਾਂ ਨਾਲ ਲੈਸ ਕਰਨ ਸਣੇ ਹਸਪਤਾਲ ਵਿੱਚ ਡਾਕਟਰਾਂ, ਦਵਾਈਆਂ ਆਦਿ ਦੀ ਘਾਟ ਦੂਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਲੋਟ ਵਿੱਚ ਬਣੇ ਟਰੇਨਿੰਗ ਸੈਂਟਰ ਦੀ ਤਰਜ਼ ’ਤੇ ਧੂਰੀ ਤੇ ਮਾਲੇਰਕੋਟਲਾ ਵਿਚਕਾਰ ਹੈਵੀ ਡਰਾਈਵਿੰਗ ਲਾਇਸੈਂਸਾਂ ਲਈ ਟਰੇਨਿੰਗ ਸੈਂਟਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਦੋ ਭਾਗਾਂ ਵਿੱਚ ਵੰਡਣ ਵਾਲੇ ਰੇਲਵੇ ਫਾਟਕਾਂ ’ਤੇ ਜਲਦੀ ਹੀ ਓਵਰਬਰਿਜ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਮੌਕੇ ਡੀਸੀ ਜਤਿੰਦਰ ਜੋਰਵਾਲ, ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ, ਆਈਜੀ ਮੁਖਵਿੰਦਰ ਸਿੰਘ ਛੀਨਾ ਤੇ ‘ਆਪ’ ਆਗੂ ਮੌਜੂਦ ਸਨ।