ਸਰਬਜੀਤ ਸਿੰਘ ਭੰਗੂ
ਪਟਿਆਲਾ, 5 ਅਪਰੈਲ
ਪੰਜਾਬੀ ਯੂਨੀਵਰਸਿਟੀ ਦੇ ਵਿਹੜੇ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਅੱਜ ਲੇਖਕ ਕੇਸਰਾ ਰਾਮ ਨੂੰ ਸਾਲ 2020 ਲਈ ਅਤੇ ਸਰਘੀ ਜੰਮੂ ਤੇ ਬਲਬੀਰ ਮਾਧੋਪੁਰੀ ਨੂੰ 2021 ਲਈ ਢਾਹਾਂ ਪੁਰਸਕਾਰ ਦਿੱਤਾ ਗਿਆ। ਸੈਂਟਰ ਫਾਰ ਡਾਇਸਪੋਰਾ ਸਟੱਡੀਜ਼ ਅਤੇ ਢਾਹਾਂ ਪੁਰਸਕਾਰ ਕਮੇਟੀ ਵੱਲੋਂ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦੌਰਾਨ ਐਵਾਰਡ ਸਪਾਂਸਰ ਕਰਨ ਵਾਲੇ ਪਰਿਵਾਰ ’ਚੋਂ ਬਰਜਿੰਦਰ ਸਿੰਘ ਢਾਹਾਂ ਵੀ ਉਚੇਚੇ ਤੌਰ ’ਤੇ ਪੁੱਜੇ।
ਬਰਜਿੰਦਰ ਢਾਹਾਂ ਨੇ ਦੱਸਿਆ ਕਿ ਇਹ ਐਵਾਰਡ ਚੜ੍ਹਦੇ ਅਤੇ ਲਹਿੰਦੇ ਪੰਜਾਬ ਨੂੰ ਵੀ ਆਪਸ ਵਿੱਚ ਜੋੜਦਾ ਹੈ ਕਿਉਂਕਿ ਇਸ ਦੇ ਜੇਤੂਆਂ ਵਿੱਚ ਸ਼ਾਹਮੁਖੀ ਲਿਪੀ ਵਿੱਚ ਪੰਜਾਬੀ ਲਿਖਣ ਵਾਲਾ ਲੇਖਕ ਵੀ ਚੁਣਿਆ ਜਾਂਦਾ ਹੈ। ਉਸ ਲੇਖਕ ਨੂੰ ਐਵਾਰਡ ਦੇਣ ਲਈ ਲਹਿੰਦੇ ਪੰਜਾਬ ਵਿੱਚ ਵੱਖਰਾ ਸਮਾਗਮ ਕਰਵਾਇਆ ਜਾਵੇਗਾ।
ਅੰਗਰੇਜ਼ੀ ਵਿਭਾਗ ਦੇ ਮੁਖੀ ਪ੍ਰੋ. ਰਾਜੇਸ਼ ਸ਼ਰਮਾ ਨੇ ਵੱਖ-ਵੱਖ ਪੱਛਮੀ ਅਤੇ ਭਾਰਤੀ ਵਿਦਵਾਨਾਂ ਦੇ ਹਵਾਲਿਆਂ ਨਾਲ ਦੱਸਿਆ ਕਿ ਸਿਰਜਣਾ ਓਦੋਂ ਤਕ ਸੰਪੂਰਨ ਨਹੀਂ ਹੋ ਸਕਦੀ, ਜਦੋਂ ਤੱਕ ਇਹ ਸਿਰਜਕ ਤੋਂ ਪਾਠਕ/ਦਰਸ਼ਕ ਤੱਕ ਨਹੀਂ ਪਹੁੰਚਦੀ। ਪ੍ਰੋ. ਰਘਬੀਰ ਸਿਰਜਣਾ ਨੇ ਦੱਸਿਆ ਕਿ ਇਸ ਪੁਰਸਕਾਰ ਲਈ ਲੇਖਕਾਂ ਦੀ ਚੋਣ ਕਰਨ ਵੇਲੇ ਪਾਰਦਰਸ਼ਤਾ ਕਾਇਮ ਰੱਖੀ ਜਾਂਦੀ ਹੈ। ਕੈਨੇਡਾ ਤੋਂ ਪੁੱਜੇ ਹਰਿੰਦਰ ਕੌਰ ਢਾਹਾਂ ਨੇ ਔਰਤਾਂ ਨੂੰ ਸਿਰਜਣਾ ਦੇ ਖੇਤਰ ਵਿੱਚ ਆਉਣ ਦੀ ਅਪੀਲ ਕੀਤੀ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਅਜਿਹੇ ਐਵਾਰਡਾਂ ਨਾਲ ਲੇਖਕਾਂ ਵਿੱਚ ਸਿਰਜਣਾ ਪ੍ਰਤੀ ਉਤਸ਼ਾਹ ਪੈਦਾ ਹੁੰਦਾ ਹੈ। ਇਸ ਮੌਕੇ ਐਵਾਰਡ ਜੇਤੂ ਲੇਖਕਾਂ ਨੇ ਵੀ ਆਪਣੇ ਤਜਰਬੇ ਸਾਂਝੇ ਕੀਤੇ।