ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 23 ਨਵੰਬਰ
ਪੁਲੀਸ ਨੇ ਪੱਤਰਕਾਰ ਸੁਖਵਿੰਦਰ ਸਿੰਘ ਸੈਣੀ ਨਾਲ ਕੁੱਟਮਾਰ ਕਰਨ ਅਤੇ ਉਸ ਦੀ ਪੱਗ ਉਤਾਰਨ ਦੇ ਮਾਮਲੇ ਵਿੱਚ ਮੁਲਜ਼ਮ ਸੋਨੂੰ ਸੇਠੀ ਅਤੇ ਉਸ ਦੇ ਦੋ ਸਾਥੀਆਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਤਿੰਨੋਂ ਮੁਲਜ਼ਮਾਂ ਨੂੰ ਇਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਥਾਣਾ ਮੁਖੀ ਇੰਸਪੈਕਟਰ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਸੇਠੀ ਢਾਬੇ ਦੇ ਮਾਲਕ ਸੋਨੂੰ ਸੇਠੀ ਨੂੰ ਬੀਤੀ ਸ਼ਾਮ ਗ੍ਰਿਫ਼ਤਾਰ ਕੀਤਾ ਗਿਆ ਸੀ ਜਦਕਿ ਉਸ ਦੇ ਦੋ ਸਾਥੀ ਦੀਪਕ ਆਹੂਜਾ ਅਤੇ ਜੋਗਿੰਦਰ ਧੀਮਾਨ ਨੂੰ ਵਾਰਦਾਤ ਵਾਲੀ ਰਾਤ ਹੀ ਢਾਬੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਜ਼ਿਕਰਯੋਗ ਹੈ ਕਿ ਪੱਤਰਕਾਰ ਸੁਖਵਿੰਦਰ ਸਿੰਘ ਸੈਣੀ ਨੇ ਦੋਸ਼ ਲਾਇਆ ਸੀ ਕਿ ਸੋਨੂੰ ਸੇਠੀ ਨੇ ਰੰਜਿਸ਼ ਕਾਰਨ ਆਪਣੇ ਸਾਥੀਆਂ ਨਾਲ ਰਲ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਪੱਗ ਉਤਾਰ ਦਿੱਤੀ। ਇਸ ਸਬੰਧੀ ਪੁਲੀਸ ਨੇ ਤਿੰਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਦੋ ਮੁਲਜ਼ਮ ਫਰਾਰ ਹਨ।