ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 10 ਸਤੰਬਰ
ਫ਼ਿਰੋਜ਼ਪੁਰ ਵਿੱਚ ਪਿਛਲੇ ਦਿਨੀਂ ਵਾਪਰੀ ਤੀਹਰੇ ਕਤਲ ਕਾਂਡ ਦੀ ਵਾਰਦਾਤ ਦੇ ਸੱਤ ਮੁਲਜ਼ਮਾਂ ਨੂੰ ਅੱਜ ਸਖ਼ਤ ਸੁਰੱਖਿਆ ਹੇਠ ਇਥੋਂ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਛੇ ਮੁਲਜ਼ਮਾਂ ਨੂੰ ਸੱਤ ਦਿਨ ਦੇ ਪੁਲੀਸ ਰਿਮਾਂਡ ਤੇ ਅਤੇ ਇੱਕ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਮੁਲਜ਼ਮਾਂ ਵਿਚ ਰਵਿੰਦਰ ਸਿੰਘ ਉਰਫ਼ ਰਵੀ, ਰਾਜਵੀਰ ਸਿੰਘ ਉਰਫ਼ ਦਲੇਰ ਸਿੰਘ, ਸੁਖਚੈਨ ਸਿੰਘ ਉਰਫ਼ ਜੱਸ ਗਿਆਨੀ, ਅਕਸ਼ੇ ਉਰਫ਼ ਬਾਸ਼ੀ, ਪ੍ਰਿੰਸ, ਦਿਲਜੀਤ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਬਾਬਾ ਸ਼ਾਮਲ ਹਨ। ਤਿੰਨ ਸਤੰਬਰ ਨੂੰ ਇਥੋਂ ਦੇ ਕੰਬੋਜ ਨਗਰ ਇਲਾਕੇ ਵਿੱਚ ਕਾਰ ਸਵਾਰ ਤਿੰਨ ਜਣਿਆਂ ਦਾ ਗੋਲੀਆਂ ਮਾਰ ਦਿੱਤਾ ਗਿਆ ਸੀ ਤੇ ਦੋ ਜਣੇ ਜ਼ਖ਼ਮੀ ਕਰ ਦਿੱਤੇ ਸਨ। ਮ੍ਰਿਤਕਾਂ ਵਿੱਚ ਨੌਜਵਾਨ ਦਿਲਦੀਪ ਸਿੰਘ, ਉਸ ਦੀ ਚਚੇਰੀ ਭੈਣ ਜਸਪ੍ਰੀਤ ਕੌਰ ਅਤੇ ਦਿਲਦੀਪ ਦਾ ਦੋਸਤ ਅਕਾਸ਼ਦੀਪ ਮੌਜੂਦ ਸਨ। ਜਿਹੜੇ ਦੋ ਨੌਜਵਾਨ ਜ਼ਖ਼ਮੀ ਹੋਏ ਸਨ ਉਨ੍ਹਾਂ ਵਿਚ ਅਕਾਸ਼ਦੀਪ ਦਾ ਸਕਾ ਭਰਾ ਹਰਪ੍ਰੀਤ ਅਤੇ ਜਸਪ੍ਰੀਤ ਕੌਰ ਦਾ ਸਕਾ ਭਰਾ ਅਨਮੋਲ ਸ਼ਾਮਲ ਹਨ ਜੋ ਅਜੇ ਵੀ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਹੁਣ ਤੱਕ ਦੀ ਪੁਲੀਸ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮਾਂ ਦੀ ਰੰਜਿਸ਼ ਦਿਲਦੀਪ ਨਾਲ ਸੀ ਤੇ ਇਸੇ ਕਾਰਨ ਉਨ੍ਹਾਂ ਘਟਨਾ ਨੂੰ ਅੰਜਾਮ ਦਿੱਤਾ। ਦਿਲਦੀਪ ਦੀ ਮਾਂ ਚਰਨਜੀਤ ਕੌਰ ਨੇ ਪੁਲੀਸ ਨੂੰ ਦੱਸਿਆ ਸੀ ਕਿ ਉਸ ਦੇ ਪੁੱਤਰ ਦਾ ਅਸ਼ੀਸ਼ ਚੋਪੜਾ ਅਤੇ ਹੈਪੀ ਮੱਲ ਨਾਂ ਦੇ ਦੋ ਨੌਜਵਾਨਾਂ ਨਾਲ ਪੁਰਾਣਾ ਝਗੜਾ ਚੱਲਦਾ ਆ ਰਿਹਾ ਸੀ ਤੇ ਦਿਲਦੀਪ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਹਾਲਾਂਕਿ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਪੁਲੀਸ ਅਜੇ ਤੱਕ ਗ੍ਰਿਫ਼ਤਾਰ ਨਹੀਂ ਕਰ ਸਕੀ।