ਦਲਬੀਰ ਸੱਖੋਵਾਲੀਆ/ਰਜਿੰਦਰ ਸਿੰਘ/ ਜਤਿੰਦਰ ਬੈਂਸ/ਕੇਪੀ ਸਿੰਘ
ਡੇਰਾ ਬਾਬਾ ਨਾਨਕ/ਗੁਰਦਾਸਪੁਰ, 30 ਦਸੰਬਰ
ਕੌਮਾਂਤਰੀ ਸੀਮਾ ’ਤੇ ਬੀਐੱਸਐੱਫ ਦੀ 89 ਬਟਾਲੀਅਨ ਦੇ ਜਵਾਨਾਂ ਨੇ ਅੱਜ ਸਵੇਰੇ 10 ਪੈਕੇਟ ਹੈਰੋਇਨ, ਤਿੰਨ ਪਿਸਤੌਲ ਅਤੇ ਛੇ ਮੈਗਜ਼ੀਨ ਬਰਾਮਦ ਕੀਤੇ ਹਨ। ਜਵਾਨਾਂ ਨੇ ਪਾਕਿਸਤਾਨ ਵਾਲੇ ਪਾਸਿਓਂ ਕੰਡਿਆਲੀ ਤਾਰ ਨੇੜੇ ਪੁੱਜੇ ਦੋ ਤਸਕਰਾਂ ’ਤੇ ਫਾਇਰਿੰਗ ਵੀ ਕੀਤੀ ਗਈ ਪਰ ਉਹ ਦੌੜਨ ਵਿੱਚ ਸਫ਼ਲ ਹੋ ਗਏ| ਹਲਕਾ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਮੇਤਲੇ ਕੋਲ ਬੀਐੱਸਐੱਫ ਦੇ ਜਵਾਨਾਂ ਨੂੰ ਕੁਝ ਚੀਜ਼ਾਂ ਮਿਲੀਆਂ, ਜਦੋਂ ਜਾਂਚ ਪੜਤਾਲ ਕੀਤੀ ਗਈ ਤਾਂ ਇਸ ਵਿੱਚ 10 ਪੈਕੇਟ ਹੈਰੋਇਨ (ਕਰੀਬ ਸਵਾ ਸੱਤ ਕਿਲੋ), 3 ਪਿਸਤੌਲ ਅਤੇ 6 ਮੈਗਜ਼ੀਨ ਸਨ। ਬਰਾਮਦ ਕੀਤੀ ਹੈਰੋਇਨ ਦੀ ਕੀਮਤ 40 ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ। ਸੂਤਰਾਂ ਅਨੁਸਾਰ ਅੱਜ ਤੜਕਸਾਰ ਬੀਐੱਸਐੱਫ ਦੀ ਪੋਸਟ ਮੇਤਲੇ ਕੋਲ ਕੁਝ ਹਲਚਲ ਦੇਖਣ ਨੂੰ ਮਿਲੀ, ਜਦੋਂ ਡਿਊਟੀ ’ਤੇ ਤਾਇਨਾਤ ਬੀਐੱਸਐੱਫ ਦੇ ਜਵਾਨਾਂ ਨੇ ਕੰਡਿਆਲੀ ਤਾਰ ਕੋਲ ਲਾਈਟਾਂ ਮਾਰੀਆਂ ਤਾਂ ਦੋ ਪਾਕਿਸਤਾਨੀ ਤਸਕਰ ਹੈਰੋਇਨ ਤੇ ਹਥਿਆਰ ਸੁੱਟ ਕੇ ਫ਼ਰਾਰ ਹੋ ਗਏ| ਜਵਾਨਾਂ ਨੇ ਤਸਕਰਾਂ ’ਤੇ ਅੱਧੀ ਦਰਜਨ ਤੋਂ ਵੱਧ ਗੋਲੀਆਂ ਵੀ ਚਲਾਈਆਂ| ਜਵਾਨਾਂ ਨੇ ਜਦੋਂ ਹਲਚਲ ਨੇੜਲੀ ਜਗ੍ਹਾ ਦੀ ਤਲਾਸ਼ੀ ਲਈ ਤਾਂ ਦਸ ਪੈਕੇਟਾਂ ਵਿੱਚ 7.36 ਕਿਲੋ ਹੈਰੋਇਨ, ਤਿੰਨ ਪਿਸਤੌਲ ਅਤੇ ਛੇ ਮੈਗਜ਼ੀਨ ਬਰਾਮਦ ਹੋਏ| ਖੇਤਰ ਵਿੱਚ ਬੀਐੱਸਐੱਫ ਅਤੇ ਬਟਾਲਾ ਪੁਲੀਸ ਦੇ ਜਵਾਨਾਂ ਵੱਲੋਂ ਬਾਰੀਕੀ ਨਾਲ ਛਾਣਬੀਣ ਕੀਤੀ ਜਾ ਰਹੀ ਹੈ| ਦੱਸਣਯੋਗ ਹੈ ਕਿ ਬੀਤੇ ਦਿਨੀਂ ਦੋ-ਤਿੰਨ ਵਾਰ ਇਸੇ ਖੇਤਰ ਵਿੱਚ ਪਾਕਿ ਤੋਂ ਡਰੋਨ ਦਾਖ਼ਲ ਹੋਇਆ ਸੀ, ਜਦ ਕਿ ਇਸ ਤੋਂ ਪਹਿਲਾਂ 19 ਦਸੰਬਰ ਨੂੰ ਪਾਕਿ ਤੋਂ ਆਏ ਡਰੋਨ ਰਾਹੀ ਦੋਰਾਂਗਲਾ ਖੇਤਰ ਵਿੱਚ ਕੁਝ ਹਥਿਆਰ ਸੁੱਟੇ ਗਏ ਸਨ, ਜੋ ਤਲਾਸ਼ੀ ਮਗਰੋਂ ਪੁਲੀਸ ਨੇ ਬਰਾਮਦ ਵੀ ਕੀਤੇ ਸਨ।