ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 26 ਅਕਤੂਬਰ
ਪੰਜਾਬ ਪੁਲੀਸ ਦੇ ਬਹੁਚਰਚਿਤ ਡੀਐੱਸਪੀ ਗੁਰਸ਼ੇਰ ਸਿੰਘ ਸੰਧੂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਕੈਂਪਸ ਆਫ਼ਿਸ ਵਿੱਚ ਵਿਸ਼ੇਸ਼ ਇੰਟਰਵਿਊ ਕਰਵਾਉਣ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਡੀਐੱਸਪੀ ਗੁਰਸ਼ੇਰ ਸਿੰਘ ਸੰਧੂ ਸਮੇਤ ਕਈ ਪੁਲੀਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮੁਅੱਤਲ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਡੀਐੱਸਪੀ ਗੁਰਸ਼ੇਰ ਸੰਧੂ ਤੋਂ ਇਲਾਵਾ ਤਤਕਾਲੀ ਡੀਐੱਸਪੀ (ਆਰਥਿਕ ਅਪਰਾਧ ਸ਼ਾਖਾ) ਸਮਰ ਵਿਨੀਤ, ਸਬ ਇੰਸਪੈਕਟਰ ਰੀਨਾ, ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਦੇ ਸਬ ਇੰਸਪੈਕਟਰ (ਲੋਕਲ ਰੈਂਕ) ਜਗਤਪਾਲ ਜਾਂਗੂ, ਏਜੀਟੀਐਫ਼ ਦੇ ਸਬ ਇੰਸਪੈਕਟਰ (ਲੋਕਲ ਰੈਂਕ) ਸ਼ਗਨਜੀਤ ਸਿੰਘ, ਤਤਕਾਲੀ ਡਿਊਟੀ ਅਫ਼ਸਰ ਏਐੱਸਆਈ ਮੁਖ਼ਤਿਆਰ ਸਿੰਘ ਅਤੇ ਲਾਈਟ ਮੁਨਸ਼ੀ ਹੌਲਦਾਰ (ਲੋਕਲ ਰੈਂਕ) ਓਮ ਪ੍ਰਕਾਸ਼ ਸ਼ਾਮਲ ਹਨ। ਇਨ੍ਹਾਂ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਡੀਐੱਸਪੀ ਗੁਰਸ਼ੇਰ ਸਿੰਘ ਸੰਧੂ ਖ਼ਿਲਾਫ਼ ਖ਼ੁਦ ਹੀ ਝੂਠੀਆਂ ਸ਼ਿਕਾਇਤਾਂ ਕਰਵਾਉਣ ਅਤੇ ਖ਼ੁਦ ਹੀ ਜਾਂਚ ਕਰਨ ਅਤੇ ਪੀੜਤਾਂ ਨੂੰ ਡਰਾ ਧਮਕਾ ਕੇ ਮੋਟੀਆਂ ਰਕਮਾਂ ਮੰਗਣ ਦਾ ਵੱਖਰਾ ਕੇਸ ਦਰਜ ਹੈ। ਡੀਐੱਸਪੀ ਗੁਰਸ਼ੇਰ ਸਿੰਘ ਸੰਧੂ ਨੇ ਪਿੱਛੇ ਜਿਹੇ ਕਈ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਡੀਐੱਸਪੀ ਸੰਧੂ ਨੂੰ ਸ਼ਲਾਘਾਯੋਗ ਸੇਵਾਵਾਂ ਬਦਲੇ ਮੈਡਲ ਦੇ ਕੇ ਸਨਮਾਨਿਤ ਕੀਤਾ ਸੀ। ਜਦੋਂ ਪੁਲੀਸ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਪੁੱਛ ਪੜਤਾਲ ਲਈ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਕੈਂਪਸ ਆਫ਼ਿਸ ਖਰੜ ਵਿੱਚ ਰੱਖਿਆ ਗਿਆ ਸੀ ਤਾਂ ਉਦੋਂ 3 ਅਪਰੈਲ 2022 ਨੂੰ ਟੀਵੀ ਚੈਨਲ ਨੂੰ ਵਿਸ਼ੇਸ਼ ਇੰਟਰਵਿਊ ਕਰਵਾਈ ਗਈ ਸੀ। ਇਨ੍ਹਾਂ ਪੁਲੀਸ ਅਫ਼ਸਰਾਂ ਅਤੇ ਕਰਮਚਾਰੀਆਂ ਨੂੰ ਟੀਵੀ ਇੰਟਰਵਿਊ ਲਈ ਵਿਸ਼ੇਸ਼ ਪ੍ਰਬੰਧ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਇਸ ਸਬੰਧੀ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਿਸ਼ੇਸ਼ ਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਨੇ ਆਪਣੀ ਰਿਪੋਰਟ ਵਿੱਚ ਕੁੱਝ ਪੁਲੀਸ ਮੁਲਾਜ਼ਮਾਂ ਨੂੰ ਜ਼ਿੰਮੇਵਾਰ ਠਹਿਰਾਏ ਜਾਣ ਤੋਂ ਬਾਅਦ ਗ੍ਰਹਿ ਵਿਭਾਗ ਦੇ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਵੱਲੋਂ ਮੁਅੱਤਲੀ ਦੇ ਹੁਕਮ ਜਾਰੀ ਕੀਤੇ ਗਏ ਹਨ। ਮੁਅੱਤਲੀ ਦੇ ਹੁਕਮਾਂ ਅਨੁਸਾਰ ਪੁਲੀਸ ਅਫ਼ਸਰ ਅਤੇ ਕਰਮਚਾਰੀ ਚੰਡੀਗੜ੍ਹ ਸਥਿਤ ਡੀਜੀਪੀ ਦਫ਼ਤਰ ਵਿੱਚ ਤਾਇਨਾਤ ਰਹਿਣਗੇ ਅਤੇ ਉਹ ਕਿਸੇ ਸਮਰੱਥ ਅਧਿਕਾਰੀ ਦੀ ਇਜਾਜ਼ਤ ਤੋਂ ਬਿਨਾਂ ਸਟੇਸ਼ਨ ਛੱਡ ਕੇ ਕਿਤੇ ਵੀ ਬਾਹਰ ਨਹੀਂ ਜਾਣਗੇ। ਹਾਈ ਕੋਰਟ ਵੱਲੋਂ 21 ਦਸੰਬਰ 2023 ਨੂੰ ਨੋਟਿਸ ਲੈਣ ਤੋਂ ਬਾਅਦ ਵਿਸ਼ੇਸ਼ ਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਹੇਠ ਸਿੱਟ ਦਾ ਗਠਨ ਕੀਤਾ ਗਿਆ ਸੀ ਤੇ ਜਾਂਚ ਰਿਪੋਰਟ ਜਨਵਰੀ 2024 ਵਿੱਚ ਹਾਈ ਕੋਰਟ ਨੂੰ ਸੌਂਪੀ ਗਈ ਸੀ।