ਪਟਿਆਲਾ (ਖੇਤਰੀ ਪ੍ਰਤੀਨਿਧ): ਇਥੇ ਖਾਲਿਸਤਾਨ ਦੇ ਨਾਂ ਹੇਠ 29 ਅਪਰੈਲ ਨੂੰ ਦੋ ਫਿਰਕਿਆਂ ’ਚ ਹੋਈ ਝੜਪ ਦੌਰਾਨ ਦਰਜ ਹੋਏ ਕੇਸਾਂ ਦੇ ਸਬੰਧ ’ਚ ਜੇਲ੍ਹ ਭੇਜੇ ਗਏ ਮੁਲਜ਼ਮਾਂ ਵਿਚੋਂ ਕੁਝ ਨੂੰ ਅਦਾਲਤ ਤੋਂ ਜ਼ਮਾਨਤਾਂ ਮਿਲ ਗਈਆਂ ਹਨ। ਇਨ੍ਹਾਂ ਵਿਚੋਂ ਸ਼ਿਵ ਸੈਨਾ ਆਗੂ ਲਾਹੌਰੀ ਸਿੰਘ ਅਤੇ ਭਰਤਦੀਪ ਠਾਕੁਰ ਦੀ ਅਦਾਲਤ ਨੇ ਜ਼ਮਾਨਤ ਮਨਜ਼ੂਰ ਕਰ ਲਈ ਹੈ। ਉਧਰ ਇਸ ਘਟਨਾਕ੍ਰਮ ਲਈ ਅਹਿਮ ਮੰਨੇ ਜਾਂਦੇ ਸ਼ਿਵ ਸੈਨਾ ਬਾਲ ਠਾਕਰੇ ਦੇ ਕੌਮੀ ਮੀਤ ਪ੍ਰਧਾਨ ਹਰੀਸ਼ ਸਿੰਗਲਾ ਦੀ ਜ਼ਮਾਨਤ ਅਰਜ਼ੀ ’ਤੇ ਅਦਾਲਤ ਨੇ ਫੈਸਲਾ ਰਾਖਵਾਂ ਰੱਖਿਆ ਹੋਇਆ ਹੈ। ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲ੍ਹਾ ਪ੍ਰਧਾਨ ਸ਼ੰਕਰ ਭਾਰਦਵਾਜ ਨੂੰ ਜ਼ਮਾਨਤ ਮਿਲ ਗਈ ਹੈ। ਉਧਰ ਇਰਾਦਾ ਕਤਲ ਦੇ ਕੇਸ ਅਧੀਨ ਜੇਲ੍ਹ ਭੇਜੇ ਗਏ ਜਥਾ ਦਮਦਮੀ ਟਕਸਾਲ ਰਾਜਪੁਰਾ ਦੇ ਮੁਖੀ ਭਾਈ ਬਲਜਿੰਦਰ ਸਿੰਘ ਪਰਵਾਨਾ ਅਤੇ ਸਾਥੀਆਂ ਨੂੰ ਅਜੇ ਜ਼ਮਾਨਤਾਂ ਨਹੀਂ ਮਿਲੀਆਂ।