ਗੁਰਨਾਮ ਸਿੰਘ ਅਕੀਦਾ
ਪਟਿਆਲਾ, 1 ਮਈ
ਪਟਿਆਲਾ ਹਿੰਸਾ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਸਿੱਖ ਆਗੂ ਬਲਜਿੰਦਰ ਸਿੰਘ ਪਰਵਾਨਾ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਚਾਰ ਕੇਸ ਦਰਜ ਹਨ। ਖ਼ੁਫ਼ੀਆ ਵਿਭਾਗ ਵੱਲੋਂ ਪਰਵਾਨਾ ਬਾਰੇ ਭੇਜੀਆਂ ਰਿਪੋਰਟਾਂ ਸਪੱਸ਼ਟ ਕਰਦੀਆਂ ਹਨ ਕਿ ਇਸ ਮਾਮਲੇ ਵਿੱਚ ਪਰਵਾਨਾ ਨੇ ਪਹਿਲ ਨਹੀਂ ਕੀਤੀ ਸਗੋਂ ਉਸ ਨੇ 21 ਅਪਰੈਲ ਨੂੰ ਪਟਿਆਲਾ ਦੇ ਐੱਸਐੱਸਪੀ ਨੂੰ ਲਿਖਤੀ ਤੌਰ ’ਤੇ ਦੱਸਿਆ ਸੀ ਕਿ ਜੇ ਸ਼ਿਵ ਸੈਨਾ ਦਾ ਆਗੂ ਹਰੀਸ਼ ਸਿੰਗਲਾ ਖ਼ਾਲਿਸਤਾਨ ਵਿਰੁੱਧ ਕੋਈ ਵੀ ਕਾਰਵਾਈ ਕਰੇਗਾ ਤਾਂ ਉਹ ਉਸ ਦਾ ਵਿਰੋਧ ਕਰਨਗੇ।
ਸੂਤਰਾਂ ਅਨੁਸਾਰ ਖੁਫੀਆ ਵਿਭਾਗ ਨੇ ਪੰਜਾਬ ਦੇ ਗ੍ਰਹਿ ਵਿਭਾਗ ਨੂੰ ਇਸ ਬਾਰੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ। ਖ਼ੁਫ਼ੀਆ ਵਿਭਾਗ ਵੱਲੋਂ ਗ੍ਰਹਿ ਵਿਭਾਗ ਨੂੰ ਭੇਜੀ ਰਿਪੋਰਟ ਅਨੁਸਾਰ ਬਲਜਿੰਦਰ ਸਿੰਘ ਪਰਵਾਨਾ ਖ਼ਿਲਾਫ਼ ਥਾਣਾ ਬਨੂੜ, ਥਾਣਾ ਸਦਰ ਪਟਿਆਲਾ, ਥਾਣਾ ਲਾਹੌਰੀ ਗੇਟ ਪਟਿਆਲਾ ਅਤੇ ਥਾਣਾ ਬਲੌਂਗੀ ਮੁਹਾਲੀ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਹਨ। ਸੀਆਈਡੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਹ ਵਾਰ-ਵਾਰ ਗ੍ਰਹਿ ਵਿਭਾਗ ਨੂੰ ਸੁਚੇਤ ਕਰਦੇ ਆ ਰਹੇ ਸਨ ਪਰ ਉਨ੍ਹਾਂ ਦੀ ਰਿਪੋਰਟ ’ਤੇ ਕੋਈ ਕਾਰਵਾਈ ਨਹੀਂ ਹੋਈ।
ਸ਼੍ਰੋਮਣੀ ਅਕਾਲੀ ਦਲ ਪਰਵਾਨਾ ਦੇ ਹੱਕ ਵਿੱਚ ਨਿੱਤਰਿਆ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਬਲਜਿੰਦਰ ਸਿੰਘ ਪਰਵਾਨਾ ਖ਼ਿਲਾਫ਼ ਦਰਜ ਕੀਤਾ ਗਿਆ ਕੇਸ ਗ਼ਲਤ ਹੈ। ਉਨ੍ਹਾਂ ਕਿਹਾ ਕਿ ਪਰਵਾਨਾ ਨੇ ਪਹਿਲ ਨਹੀਂ ਕੀਤੀ ਸਗੋਂ ਉਸ ਨੇ ਤਾਂ ਪ੍ਰਸ਼ਾਸਨ ਨੂੰ ਪਹਿਲਾਂ ਹੀ ਸਾਰੀ ਜਾਣਕਾਰੀ ਦੇ ਦਿੱਤੀ ਸੀ। ਪ੍ਰਸ਼ਾਸਨ ਨੇ ਪਰਵਾਨਾ ਦੀ ਅਪੀਲ ’ਤੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਕਾਰਨ ਵੱਡੀ ਹਿੰਸਕ ਘਟਨਾ ਵਾਪਰ ਗਈ।