ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 19 ਅਪਰੈਲ
ਮੁਕਤਸਰ ਨਗਰ ਕੌਂਸਲ ਦੀ ਪ੍ਰਧਾਨਗੀ ਲਈ ਦਾਅਵੇਦਾਰੀ ਜਤਾਉਣ ਵਾਲੇ ਕਰੀਬ ਅੱਧੀ ਦਰਜਨ ਚਿਹਰਿਆਂ ਨੂੰ ਨਜ਼ਰਅੰਦਾਜ਼ ਕਰਦਿਆਂ ਆਖਿਰ ਪ੍ਰਧਾਨਗੀ ਦਾ ਤਾਜ ਸਾਬਕਾ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ਮ੍ਹੀ ਤੇਹਰੀਆ ਦੇ ਸਿਰ ਧਰ ਦਿੱਤਾ ਗਿਆ ਹੈ ਜਦੋਂ ਕਿ ਮੀਤ ਪ੍ਰਧਾਨ ਮਿੰਟੂ ਕੰਗ ਨੂੰ ਥਾਪਿਆ ਗਿਆ ਹੈ। ਪ੍ਰਧਾਨਗੀ ਦੀ ਦੌੜ ਵਿੱਚ ਸ਼ਾਮਲ ਸਾਬਕਾ ਪ੍ਰਧਾਨ ਗੁਰਿੰਦਰ ਸਿੰਘ ਬਾਵਾ ਕੋਕੀ ਨੇ ਸ੍ਰੀ ਤੇਹਰੀਆ ਦੇ ਨਾਮ ਦੀ ਪੇਸ਼ਕਸ਼ ਕਰਦਿਆਂ ਪਿਛਲੇ ਕਈ ਦਿਨਾਂ ਤੋਂ ਲਮਕ ਰਹੇ ਇਸ ਮੁੱਦੇ ਨੂੰ ਖਤਮ ਕਰ ਦਿੱਤਾ। ਇਸ ਮੌਕੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁਖ ਸਰਕਾਰੀਆ, ਸਾਬਕਾ ਵਿਧਾਇਕਾ ਕਰਨ ਕੌਰ ਬਰਾੜ ਅਤੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਬਰਾੜ ਅਤੇ ਜਗਜੀਤ ਸਿੰਘ ਹਨੀ ਫੱਤਣਵਾਲਾ ਮੌਜੂਦ ਸਨ। ਨਹਿਰ ਕਲੋਨੀ ਸਥਿਤ ਰੈਸਟ ਹਾਊਸ ਤੋਂ ਕੌਂਸਲਰਾਂ ਨੂੰ ਬੋਹੱਦ ਸਖ਼ਤ ਪਹਿਰੇ ਹੇਠ ਇਕ ਬੱਸ ਵਿੱਚ ਬਿਠਾ ਕੇ ਨਗਰ ਕੌਂਸਲ ਦਫਤਰ ਲਿਜਾਇਆ ਗਿਆ। ਇਸ ਮੌਕੇ ਕਾਂਗਰਸ ਦੇ 17 ਕੌਂਸਲਰ ਹੀ ਹਾਜ਼ਰ ਸਨ ਜਦੋਂ ਕਿ ਅਕਾਲੀ ਦਲ ਦੇ 10, ਆਮ ਆਦਮੀ ਪਾਰਟੀ ਦੇ 2 ਅਤੇ ਭਾਜਪਾ ਦੇ 1 ਅਤੇ ਆਜ਼ਾਦ 1 ਕੌਂਸਲਰ ਗੈਰਹਾਜ਼ਰ ਰਹੇ। ਤੇਹਰੀਆ ਵਾਰਡ ਨੰਬਰ 24 ਤੋਂ ਕੌਂਸਲਰ ਹਨ। ਗੁਰਬਿੰਦਰ ਕੌਰ ਪਤੰਗਾ ਨੂੰ ਜੂਨੀਅਰ ਮੀਤ ਪ੍ਰਧਾਨ ਦਾ ਅਹੁਦਾ ਦੇਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਨਾਂਹ ਕਰ ਦਿੱਤੀ।
ਸ਼ੁਭਦੀਪ ਬਣੇ ਨਗਰ ਕੌਂਸਲ ਮਲੋਟ ਦੇ ਪ੍ਰਧਾਨ
ਮਲੋਟ(ਲਖਵਿੰਦਰ ਸਿੰਘ): ਕੌਂਸਲਰ ਸ਼ੁਭਦੀਪ ਸਿੰਘ ਬਿੱਟੂ ਨੂੰ ਨਗਰ ਕੌਂਸਲ ਮਲੋਟ ਦਾ ਪ੍ਰਧਾਨ ਬਣਾਏ ਜਾਣ ਨਾਲ ਇਸ ਅਹੁਦੇ ਲਈ ਲੰਮੇਂ ਸਮੇਂ ਤੋਂ ਚੱਲ ਰਹੀ ਖਿੱਚੋਤਾਣ ਅੱਜ ਖ਼ਤਮ ਹੋ ਗਈ। ਕੌਂਸਲਰ ਰਾਜਪਾਲ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਸੀਨੀਅਰ ਤੇ ਟਕਸਾਲੀ ਕਾਂਗਰਸੀ ਆਗੂ ਲਾਲੀ ਗਗਨੇਜਾ ਸਮੇਤ ਇਕ ਹੋਰ ਕਾਂਗਰਸੀ ਆਗੂ ਪ੍ਰਧਾਨਗੀ ਦੀ ਦੌੜ ਵਿੱਚ ਸ਼ਾਮਲ ਸਨ, ਪਰ ਕਈ ਦਿਨਾਂ ਦੇ ਵਿਚਾਰ-ਵਟਾਂਦਰੇ ਮਗਰੋਂ ਕਾਂਗਰਸ ਹਾਈਕਮਾਂਡ ਅਤੇ ਵਿਧਾਇਕ ਅਜਾਇਬ ਸਿੰਘ ਭੱਟੀ ਦੇ ਦਖਲ ਨਾਲ ਸ਼ੁਭਦੀਪ ਸਿੰਘ ਬਿੱਟੂ ਨੂੰ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ।
ਮੁਨੀਸ਼ ਗਰਗ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਬਣੇ
ਭਦੌੜ(ਰਾਜਿੰਦਰ ਵਰਮਾ): ਆਜ਼ਾਦ ਚੋਣ ਜਿੱਤ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਮੁਨੀਸ਼ ਕੁਮਾਰ ਗਰਗ ਨੂੰ ਨਗਰ ਕੌਂਸਲ ਭਦੌੜ ਦਾ ਪ੍ਰਧਾਨ ਅਤੇ ਬੀਬੀ ਰਾਜ ਨੂੰ ਮੀਤ ਪ੍ਰਧਾਨ ਚੁਣਿਆ ਗਿਆ, ਜਦਕਿ ਕਾਂਗਰਸ ਦੇ 5 ਕੌਂਸਲਰਾਂ ਨੇ ਚੋਣ ਅਮਲ ਦਾ ਬਾਈਕਾਟ ਕੀਤਾ। ਇਸ ਦੌਰਾਨ ਪੁਲੀਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਚੋਣ ਕਨਵੀਨਰ ਨਾਇਬ ਤਹਿਸੀਲਦਾਰ ਹਮੀਸ਼ ਕੁਮਾਰ ਨੇ ਹਾਜ਼ਰ ਅੱਠ ਕੌਂਸਲਰਾਂ ਨੂੰ ਸਹੁੰ ਚੁਕਾਈ।