ਦਵਿੰਦਰ ਪਾਲ
ਚੰਡੀਗੜ੍ਹ, 11 ਜੂਨ
ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਰਮਿਆਨ ਸੂਬੇ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਸਿਆਸੀ ਗੱਠਜੋੜ ਪ੍ਰਵਾਨ ਚੜ੍ਹ ਗਿਆ ਹੈ। ਇਸ ਦਾ ਅਧਿਕਾਰਤ ਐਲਾਨ ਭਲਕੇ ਚੰਡੀਗੜ੍ਹ ’ਚ ਕੀਤੇ ਜਾਣ ਦੇ ਆਸਾਰ ਹਨ। ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਇਸ ਸਿਆਸੀ ਘਟਨਾਕ੍ਰਮ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਭਲਕੇ ਬਸਪਾ ਦੇ ਸੀਨੀਅਰ ਆਗੂ ਸਤੀਸ਼ ਮਿਸ਼ਰਾ ਦੀ ਅਗਵਾਈ ਹੇਠ ਅਕਾਲੀ ਦਲ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਕਰਕੇ ਗੱਠਜੋੜ ਨੂੰ ਅੰਤਿਮ ਰੂਪ ਦੇਣਗੇ। ਸੂਬੇ ਦੀ ਵਿਧਾਨ ਸਭਾ ਦੀਆਂ ਆਮ ਚੋਣਾਂ ਵਿੱਚ ਜਦੋਂ 8 ਕੁ ਮਹੀਨੇ ਦਾ ਸਮਾਂ ਬਾਕੀ ਰਹਿ ਗਿਆ ਹੈ ਤਾਂ ਅਕਾਲੀ ਦਲ ਅਤੇ ਬਸਪਾ ਦੇ ਗੱਠਜੋੜ ਨੂੰ ਵੱਡੀ ਰਾਜਸੀ ਘਟਨਾ ਮੰਨਿਆ ਜਾ ਰਿਹਾ ਹੈ। ਅਕਾਲੀ ਦਲ ਅਤੇ ਬਸਪਾ ਤਕਰੀਬਨ 25 ਸਾਲਾਂ ਬਾਅਦ ਇੱਕ ਦੂਜੇ ਦੇ ਨਜ਼ਦੀਕ ਆ ਰਹੇ ਹਨ। ਇਸ ਤੋਂ ਪਹਿਲਾਂ ਸਾਲ 1996 ਵਿੱਚ ਦੋਹਾਂ ਪਾਰਟੀਆਂ ਨੇ ਸੰਸਦੀ ਚੋਣਾਂ ਗੱਠਜੋੜ ਤਹਿਤ ਲੜਦਿਆਂ 13 ਸੰਸਦੀ ਸੀਟਾਂ ਵਿੱਚੋਂ 12 ਸੀਟਾਂ ’ਤੇ ਹੀ ਜਿੱਤ ਹਾਸਲ ਕਰ ਲਈ ਸੀ। ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੋਹਾਂ ਪਾਰਟੀਆਂ ਦਰਮਿਆਨ ਗੱਠਜੋੜ ਸੂਬੇ ਦੀ ਸਿਆਸਤ ’ਤੇ ਪ੍ਰਭਾਵੀ ਅਸਰ ਪਾਵੇਗਾ। ਇਨ੍ਹਾਂ ਦੋਹਾਂ ਪਾਰਟੀਆਂ ਦਰਮਿਆਨ ਸੀਟਾਂ ਦੀ ਵੰਡ ਨੂੰ ਲੈ ਕੇ ਸਹਿਮਤੀ ਬਣ ਗਈ ਹੈ। ਬਸਪਾ ਵੱਲੋਂ ਦੋਆਬਾ ਖੇਤਰ ਵਿੱਚ ਜ਼ਿਆਦਾ ਵਿਧਾਨ ਸਭਾ ਹਲਕਿਆਂ ’ਤੇ ਉਮੀਦਵਾਰ ਖੜ੍ਹੇ ਕੀਤੇ ਜਾਣ ਦੀ ਸਹਿਮਤੀ ਬਣੀ ਹੈ ਜਦੋਂ ਕਿ ਅਕਾਲੀ ਦਲ ਦੇ ਹਿੱਸੇ ਮਾਲਵੇ ਅਤੇ ਮਾਝੇ ਦੀਆਂ ਜ਼ਿਆਦਾ ਸੀਟਾਂ ਆਉਣਗੀਆਂ। ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਬਸਪਾ ਸੁਪਰੀਮੋ ਕੁਮਾਰੀ ਮਾਇਆਵਤੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਰਮਿਆਨ ਹੋਈਆਂ ਮੀਟਿੰਗਾਂ ਤੋਂ ਬਾਅਦ ਬਸਪਾ ਸੁਪਰੀਮੋ ਨੇ ਅਕਾਲੀ ਦਲ ਨਾਲ ਪੰਜਾਬ ਅੰਦਰ ਸਿਆਸੀ ਗੱਠਜੋੜ ਲਈ ਕੁੱਝ ਮਹੀਨੇ ਪਹਿਲਾਂ ਹੀ ਹਰੀ ਝੰਡੀ ਦੇ ਦਿੱਤੀ ਸੀ। ਸੂਤਰਾਂ ਮੁਤਾਬਕ ਦੋਹਾਂ ਪਾਰਟੀਆਂ ਦਰਮਿਆਨ ਸੀਟਾਂ ’ਤੇ ਸਹਿਮਤੀ ਬਣਨ ’ਚ ਦੇਰੀ ਹੋਣ ਕਾਰਨ ਸਿਆਸੀ ਸਮਝੌਤੇ ਦਾ ਰਸਮੀ ਐਲਾਨ ਲਟਕਿਆ ਹੋਇਆ ਸੀ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਅਗਲੇ ਸਾਲ ਜਨਵਰੀ ਜਾਂ ਫਰਵਰੀ ਮਹੀਨੇ ਹੋਣੀਆਂ ਤੈਅ ਹਨ।