ਮਨੋਜ ਸ਼ਰਮਾ
ਬਠਿੰਡਾ, 31 ਦਸੰਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਸੀਨੀਅਰ ਲੀਡਰਸ਼ਿਪ ਦੀ ਅਗਵਾਈ ਹੇਠ ਪ੍ਰੈੱਸ ਕਾਨਫ਼ਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਕਿਸਾਨਾਂ ਦੀ ਪਾਰਟੀ ਕਰਾਰ ਦਿੰਦੇ ਹੋਏ ਕਿਹਾ ਕਿ ਦਿੱਲੀ ਦੇ ਕਿਸਾਨੀ ਘੋਲ ਵਿੱਚ ਅਕਾਲੀ ਦਲ ਮੋਹਰੀ ਭੂਮਿਕਾ ਨਿਭਾਅ ਰਿਹਾ ਹੈ।
ਸੁਖਬੀਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਤਾਨਾਸ਼ਾਹ ਵਾਂਗ ਕੰਮ ਕਰ ਰਹੇ ਹਨ ਅਤੇ ਦੇਸ਼ ਦੇ ਸੂਬਿਆਂ ਦੇ ਅਧਿਕਾਰ ਆਪਣੇ ਹੱਥ ਵਿੱਚ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਜ਼ਿੱਦ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਮੰਨੇ। ਸੁਖਬੀਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਅਸੂਲਾਂ ਦੀ ਪਾਰਟੀ ਹੈ ਅਤੇ ਜਲਦੀ ਹੀ ਨਵੇਂ ਗੱਠਜੋੜ ਨਾਲ ਨਜ਼ਰ ਆਵੇਗੀ, ਜਿਸ ਲਈ ਦੇਸ਼ ਦੀਆਂ ਵੱਖ-ਵੱਖ ਪਾਰਟੀਆਂ ਨਾਲ ਗੱਲ ਚੱਲ ਰਹੀ। ਇਸ ਮੌਕੇ ਉਨ੍ਹਾਂ ਇੱਕ ਸਵਾਲ ਦਾ ਜੁਆਬ ਦਿੰਦਿਆਂ ਆਪਣੇ ਪੁਰਾਣੇ ਬਿਆਨ ਬਾਰੇ ਕਿਹਾ ਕਿ ਉਨ੍ਹਾਂ ਭਾਜਪਾ ਨੂੰ ਟੁਕੜੇ-ਟੁਕੜੇ ਗੈਂਗ ਇਸ ਲਈ ਕਿਹਾ ਕਿ ਉਹ ਧਰਮ ਦੇ ਨਾਂ ’ਤੇ ਰਾਜਨੀਤੀ ਕਰਦੇ ਹਨ, ਭਾਜਪਾ ਕਿਸਾਨੀ ਘੋਲ ਨੂੰ ਖਾਲਿਸਤਾਨੀ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਉਲਾਂਭਾ ਦਿੱਤਾ ਕਿ ਬਾਦਲ ਪਿੰਡ ਜਾਣ ਵਾਲੀ ਸੜਕ ਤਾਂ ਠੀਕ ਕਰਵਾ ਲੈਣ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਸਿਕੰਦਰ ਸਿੰਘ ਮਲੂਕਾ ,ਅਕਾਲ ਦਲ ਦੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਮੌਜੂਦ ਸਨ।
ਇੱਕ ਸਵਾਲ ਦੇ ਜੁਆਬ ਵਿੱਚ ਉਲਝੇ ਜੂਨੀਅਰ ਬਾਦਲ
ਪੱਤਰਕਾਰਾਂ ਵੱਲੋਂ ਕੁਝ ਅਕਾਲੀਆਂ ਦੇ ਪਾਰਟੀ ਛੱਡਣ ਅਤੇ ਉਨ੍ਹਾਂ ਦੀ ਪ੍ਰਧਾਨਗੀ ਹੇਠ ਨਾ ਕੰਮ ਬਾਰੇ ਪੁੱਛੇ ਇੱਕ ਸਵਾਲ ਵਿੱਚ ਸੁਖਬੀਰ ਬਾਦਲ ਅਟਕ ਗਏ। ਇਸ ਦੌਰਾਨ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਉਹ ਲੋਕ 10 ਸਾਲ ਸੁਖਬੀਰ ਹੇਠ ਕੰਮ ਕਰਦੇ ਰਹੇ, ਹੁਣ ਉਨ੍ਹਾਂ ਨੂੰ ਮਾੜੇ ਕਿਵੇਂ ਕਹਿ ਸਕਦੇ ਹਨ? ਸ੍ਰੀ ਬਾਦਲ ਨੇ ਕਿਹਾ ਢੀਂਡਸਾ ਕੈਪਟਨ ਟੀਮ ਨਾਲ ਮਿਲ ਕੇ ਕੰਮ ਕਰ ਰਹੇ ਹਨ ਉਨ੍ਹਾਂ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ।
ਮਲੂਕਾ ਮਹਿਜ਼ ਰਾਮਪੁਰਾ ਫੂਲ ਦੇ ਇੰਚਾਰਜ: ਸੁਖਬੀਰ
ਸੁਖਬੀਰ ਸਿੰਘ ਬਾਦਲ ਨੇ ਬਠਿੰਡਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਿਆਂ ਬਾਰੇ ਸਪੱਸ਼ਟ ਕੀਤਾ ਕਿ ਸਿਕੰਦਰ ਸਿੰਘ ਮਲੂਕਾ ਮਹਿਜ਼ ਰਾਮਪੁਰਾ ਫੂਲ ਹਲਕੇ ਦੇ ਇੰਚਾਰਜ ਹਨ ਜਦੋਂ ਕਿ ਮੌੜ ਹਲਕੇ ਤੋਂ ਉਨ੍ਹਾਂ ਨੂੰ ਆਰਜ਼ੀ ਤੌਰ ’ਤੇ ਲਾਇਆ ਗਿਆ ਹੈ। ਇਸ ਤਰ੍ਹਾਂ ਜਨਮੇਜਾ ਸਿੰਘ ਸੇਖੋਂ ਫ਼ਿਰੋਜ਼ਪੁਰ ਸਮੇਤ ਇੱਕ ਹੋਰ ਹਲਕੇ ਦੇ ਆਰਜ਼ੀ ਇੰਚਾਰਜ ਹਨ।