ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 22 ਅਪਰੈਲ
ਸ਼੍ਰੋਮਣੀ ਕਮੇਟੀ ਨੇ ਗੁਰਸਿੱਖ ਨੌਜਵਾਨਾਂ ਨੂੰ ਕੇਂਦਰੀ ਤੇ ਸੂਬਾਈ ਨੌਕਰੀਆਂ ਦੀ ਮੁਕਾਬਲਾ ਪ੍ਰੀਖਿਆ ਲਈ ਤਿਆਰ ਕਰਨ ਵਾਸਤੇ ਮੁਫ਼ਤ ਕੋਚਿੰਗ ਅਕੈਡਮੀ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਇਸ ਫ਼ੈਸਲੇ ਨੂੰ ਅੱਜ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਪ੍ਰਵਾਨਗੀ ਦਿੱਤੀ ਗਈ।
ਇਹ ਮੀਟਿੰਗ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਹੋਈ। ਮੀਟਿੰਗ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਮੁਫ਼ਤ ਕੋਚਿੰਗ ਅਕੈਡਮੀ ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਵੇਗੀ, ਜਿਸ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਗੁਰਸਿੱਖ ਨੌਜਵਾਨਾਂ ਨੂੰ ਵੱਖ ਵੱਖ ਨੌਕਰੀਆਂ ਸਬੰਧੀ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਕਰਵਾਈ ਜਾਵੇਗੀ। ਇਸ ਅਕੈਡਮੀ ਦਾ ਨਾਂ ‘ਸ੍ਰੀ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਕੰਪੀਟੀਟਿਵ ਸਟੱਡੀਜ਼’ ਹੋਵੇਗਾ। ਇਸ ਸਬੰਧੀ ਇਕ ਸਬ-ਕਮੇਟੀ ਬਣਾਈ ਗਈ ਸੀ, ਜਿਸ ਦੀ ਰਿਪੋਰਟ ਤੇ ਸਿਫਾਰਸ਼ ਅਨੁਸਾਰ ਇਹ ਅਕੈਡਮੀ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਐਡਵਾਂਸਡ ਸਟੱਡੀਜ਼ ਇਨ ਸਿੱਖਇਜ਼ਮ, ਬਹਾਦਰਗੜ੍ਹ (ਪਟਿਆਲਾ) ਵਿੱਚ ਸਥਾਪਤ ਹੋਵੇਗੀ। ਇਸ ਵਿੱਚ ਸਿਵਲ ਪ੍ਰੀਖਿਆਵਾਂ, ਜਿਨ੍ਹਾਂ ਵਿੱਚ ਆਈਏਐੱਸ, ਆਈਪੀਐੱਸ ਤੋਂ ਇਲਾਵਾ ਐੱਨਡੀਏ, ਪੀਸੀਐੱਸ ਅਤੇ ਏ-ਗਰੇਡ ਦੀਆਂ ਕੇਂਦਰੀ ਅਤੇ ਸਟੇਟ ਸਰਵਿਸਜ਼ ਲਈ ਤਿਆਰੀ ਕਰਵਾਈ ਜਾਵੇਗੀ। ਇਥੇ ਕੋਚਿੰਗ ਲੈਣ ਵਾਲੇ ਵਿਦਿਆਰਥੀਆਂ ਦਾ ਸਾਬਤ ਸੂਰਤ ਸਿੱਖ ਹੋਣਾ ਲਾਜ਼ਮੀ ਹੋਵੇਗਾ ਅਤੇ ਵਿਦਿਆਰਥੀ ਕੇਵਲ ਸਿੱਖ ਧਰਮ ਨਾਲ ਸਬੰਧਤ ਰੱਖੇ ਜਾਣਗੇ।
ਬੀਬੀ ਜਗੀਰ ਕੌਰ ਨੇ ਦੱਸਿਆ ਕਿ ਖੇਡ ਅਕੈਡਮੀ ਲਈ ਚੁਣੀਆਂ ਗਈਆਂ ਲੜਕੀਆਂ ਨੂੰ ਵਧੀਆ ਕੋਚ, ਖੇਡ ਕਿੱਟਾਂ ਅਤੇ ਭੋਜਨ ਮਹੁੱਈਆ ਕਰਵਾਉਣ ਦੇ ਨਾਲ-ਨਾਲ ਪੜ੍ਹਾਈ ਦਾ ਪ੍ਰਬੰਧ ਵੀ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਜਾਵੇਗਾ। ਇਕ ਹੋਰ ਅਹਿਮ ਫ਼ੈਸਲੇ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਜਣੇਪਾ ਕੇਸ ਮੁਫ਼ਤ ਕੀਤੇ ਜਾਣਗੇ ਅਤੇ ਲੜਕੀ ਪੈਦਾ ਹੋਣ ’ਤੇ 1100 ਰੁਪਏ ਦਾ ਸ਼ਗਨ ਵੀ ਦਿੱਤਾ ਜਾਵੇਗਾ। ਸ਼੍ਰੋਮਣੀ ਕਮੇਟੀ ਨੇ ਡਿਊਟੀ ਦੌਰਾਨ ਸਵਰਗਵਾਸ ਹੋਏ ਮੁਲਾਜ਼ਮਾਂ ਦੇ ਬੱਚਿਆਂ ਵਿੱਚੋਂ ਇਕ ਨੂੰ ਯੋਗਤਾ ਅਨੁਸਾਰ ਤਰਸ ਦੇ ਆਧਾਰ ’ਤੇ ਨੌਕਰੀ ਦੇਣ ਦਾ ਫ਼ੈਸਲਾ ਕੀਤਾ ਹੈ।
ਕੌਮੀ ਰਿਕਾਰਡ ਬਣਾਉਣ ਵਾਲੇ ਗੁਰਿੰਦਰਵੀਰ ਸਿੰਘ ਦਾ ਸਨਮਾਨ
ਅੰਤ੍ਰਿੰਗ ਕਮੇਟੀ ਦੀ ਮੀਟਿੰਗ ਮਗਰੋਂ ਬੀਬੀ ਜਗੀਰ ਕੌਰ ਨੇ ਅਥਲੈਟਿਕਸ ਵਿੱਚ ਨੈਸ਼ਨਲ ਰਿਕਾਰਡ ਬਣਾਉਣ ਵਾਲੇ ਖ਼ਾਲਸਾ ਕਾਲਜ ਜਲੰਧਰ ਦੇ ਵਿਦਿਆਰਥੀ ਗੁਰਿੰਦਰਵੀਰ ਸਿੰਘ ਨੂੰ 2 ਲੱਖ ਰੁਪਏ ਦਾ ਚੈੱਕ ਦੇ ਕੇ ਸਨਮਾਨਿਆ। ਉਸ ਨੇ ਅੰਡਰ-18 ਤੇ ਅੰਡਰ-20 ਵਿੱਚ 10.5 ਸੈਕਿੰਡ ’ਚ 100 ਮੀਟਰ ਦੌੜ ਦੇ ਰਿਕਾਰਡ ਕਾਇਮ ਕੀਤੇ ਹਨ। ਬੀਬੀ ਜਗੀਰ ਕੌਰ ਨੇ ਐਲਾਨ ਕੀਤਾ ਕਿ ਇਸ ਗੁਰਿੰਦਰਵੀਰ ਸਿੰਘ ਦੀ ਪੜ੍ਹਾਈ ਦਾ ਖ਼ਰਚਾ ਵੀ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਜਾਵੇਗਾ।