ਪੱਤਰ ਪ੍ਰੇਰਕ
ਕੁਰਾਲੀ, 17 ਅਗਸਤ
ਜਨਮ ਅਸ਼ਟਮੀ ਮੌਕੇ ਸਥਾਨਕ ਵਾਰਡ ਨੰਬਰ 10 ਚਨਾਲੋਂ ਦੇ ਸ਼ਿਵ ਮੰਦਰ ਤੋਂ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਨਾਲ ਸਬੰਧਤ ਝਾਕੀਆਂ ਪੇਸ਼ ਕੀਤੀਆਂ ਗਈਆਂ। ਸ਼ੋਭਾ ਯਾਤਰਾ ਦਾ ਸ਼ਹਿਰ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਬਾਬਾ ਧਰੁਵ ਗਿਰੀ ਦੀ ਦੇਖਰੇਖ ਹੇਠ ਕੱਢੀ ਸ਼ੋਭਾ ਯਾਤਰਾ ਚੰਡੀਗੜ੍ਹ ਰੋਡ ਤੋਂ ਹੁੰਦੀ ਹੋਈ ਕੁਰਾਲੀ ਪੁੱਜੀ। ਇਸ ਮੌਕੇ ਟਹਿਲ ਸਿੰਘ, ਪ੍ਰੇਮ ਸਿੰਘ, ਪ੍ਰਦੀਪ ਰੂੜਾ, ਰਾਣਾ ਮੁਕੇਸ਼ ਕੁਮਾਰ, ਸੰਜੂ ਰਾਣਾ, ਪੰਚ ਓਮਪਾਲ, ਬਚਿੱਤਰ ਸਿੰਘ, ਮਲਕੀਤ ਸਿੰਘ, ਲੱਕੀ ਰਾਣਾ, ਸੰਜੂ ਕੁਮਾਰ ਸਮੇਤ ਕਈ ਪਤਵੰਤੇ ਹਾਜ਼ਰ ਸਨ।
ਬਨੂੜ (ਪੱਤਰ ਪ੍ਰੇਰਕ): ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਬੀਤੀ ਸ਼ਾਮ ਪਿੰਡ ਗੋਬਿੰਦਗੜ੍ਹ ਵਿੱਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਪ੍ਰਾਚੀਨ ਸ਼ਿਵ ਮੰਦਰ ਵਿੱਚ ਚੱਲ ਰਹੇ ਸ੍ਰੀ ਮਹਾਂਭਾਗਵਤ ਸਪਤਾਹ ਗਿਆਨ ਯੱਗ ਵਿੱਚ ਹਿੱਸਾ ਲਿਆ। ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਬਲਵਿੰਦਰ ਸਿੰਘ ਗੋਬਿੰਦਗੜ੍ਹ ਦੀ ਅਗਵਾਈ ਹੇਠ ਪ੍ਰੋ. ਚੰਦੂਮਾਜਰਾ ਦਾ ਸਨਮਾਨ ਕੀਤਾ ਗਿਆ। ਸਮਾਗਮਾਂ ਤਹਿਤ ਸਵੇਰ ਸਮੇਂ ਮਹਿਲਾਵਾਂ ਵੱਲੋਂ ਕਲਸ ਯਾਤਰਾ ਵੀ ਕੱਢੀ ਗਈ।
ਨੂਰਪੁਰ ਬੇਦੀ (ਨਿੱਜੀ ਪੱਤਰ ਪ੍ਰੇਰਕ): ਮਧੂਬਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ ਨੂਰਪੁਰ ਬੇਦੀ ਵਿੱਚ ਜਨਮ ਅਸ਼ਟਮੀ ਮਨਾਈ ਗਈ। ਬੱਚਿਆਂ ਨੇ ਰਾਧਾ-ਕ੍ਰਿਸ਼ਨ ਬਣ ਕੇ ਕਈ ਸੰਗੀਤ ਮਈ ਪ੍ਰੋਗਰਾਮ ਪੇਸ਼ ਕੀਤੇ ਅਤੇ ਭਗਵਾਨ ਕ੍ਰਿਸ਼ਨ ਦੀ ਜ਼ਿੰਦਗੀ ਨਾਲ ਸਬੰਧਤ ਝਾਕੀਆਂ ਪੇਸ਼ ਕੀਤੀਆਂ। ਇਸ ਮੌਕੇ ਸਕੂਲ ਚੇਅਰਮੈਨ ਅਮਿਤ ਚੱਢਾ, ਸਕੂਲ ਮੈਨੇਜਮੈਂਟ ਡਾਇਰੈਕਟਰ ਕੇਸ਼ਵ ਕੁਮਾਰ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਸਾਰੇ ਬੱਚਿਆਂ ਨੂੰ ਸ੍ਰੀ ਕ੍ਰਿਸ਼ਨ ਦੀ ਸਿਖਿਆਵਾਂ ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਸਮਾਗਮ ਦੇ ਅਖ਼ੀਰ ਵਿੱਚ ਆਰਤੀ ਕਰਵਾਈ ਗਈ ਅਤੇ ਬੱਚਿਆਂ ਵਿੱਚ ਪ੍ਰਸ਼ਾਦ ਵੰਡਿਆਂ ਗਿਆ।