ਮਹਿੰਦਰ ਸਿੰਘ ਰੱਤੀਆਂ
ਮੋਗਾ, 16 ਜੂਨ
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੁੱਖ ਬੁਲਾਰੇ ਅਤੇ ਕਰੀਬ ਡੇਢ ਮਹੀਨਾਂ ਪਹਿਲਾਂ ਰਾਜ ਸੂਚਨਾ ਕਮਿਸ਼ਨਰ ਅਹੁਦੇ ਤੋਂ ਸੇਵਾਮੁਕਤ ਹੋਏ ਨਿਧੜਕ ਸਿੰਘ ਬਰਾੜ ਨੇ ਸੁਖਦੇਵ ਸਿੰਘ ਢੀਂਡਸਾ ਦੇ ਹੱਕ ਵਿੱਚ ਦਾ ਝੰਡਾ ਚੁੱਕ ਲਿਆ ਹੈ। ਇਸ ਮੌਕੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਨਿਧੜਕ ਸਿੰਘ ਬਰਾੜ ਦਾ ਸਵਾਗਤ ਕਰਦੇ ਆਖਿਆ ਕਿ ਉਨ੍ਹਾਂ ਦਾ ਪਹਿਲਾ ਨਿਸ਼ਾਨਾ ਬਾਦਲਾਂ ਦੇ ਕਬਜ਼ੇ ਵਿਚੋਂ ਸ਼੍ਰੋਮਣੀ ਕਮੇਟੀ ਨੂੰ ਮੁਕਤ ਕਰਵਾਉਣਾ ਹੈ। ਬਾਦਲਾਂ ਨੇ ਪਰਿਵਾਰ ਮੋਹ ਖਾਤਰ ਅਕਾਲੀ ਦਲ ਦੇ ਸਿਧਾਂਤਾਂ ਦੀ ਬਲੀ ਦਿੱਤੀ। ਇਸੇ ਕਰਕੇ ਟਕਸਾਲੀ ਅਕਾਲੀਆਂ ਨੂੰ ਅਕਾਲੀ ਦਲ ਨੂੰ ਬਚਾਉਣ ਲਈ ਅੱਗੇ ਆਉਣਾ ਪਿਆ।
ਸ੍ਰੀ ਨਿਧੜਕ ਸਿੰਘ ਬਰਾੜ ਨੇ ਕਿਹਾ ਕਿ ਉਨ੍ਹਾਂ ਨੂੰ ਸੂਬੇ ’ਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਖਾਸ ਕਰਕੇ ਜਵਾਹਰ ਸਿੰਘ ਵਾਲਾ ਤੇ ਬਹਬਿਲਾਂ ਕਾਂਡ ਤੋਂ ਮਨ ਨੂੰ ਵੱਡੀ ਠੇਸ ਪੁੱਜੀ। ਉਹ ਪ੍ਰਸ਼ਾਸਨਿਕ ਅਹੁਦੇ ਉੱਤੇ ਹੋਣ ਕਰਕੇ ਬੋਲ ਨਹੀਂ ਸਕੇ। ਇਸ ਮੌਕੇ ਹਰਭੁਪਿੰਦਰ ਸਿੰਘ ਲਾਡੀ, ਜਰਨੈਲ ਸਿੰਘ ਰਾਮਾ, ਜਗਰੂਪ ਸਿੰਘ ਘੱਲਕਲਾਂ, ਅਜਾਇਬ ਸਿੰਘ ਬਹੌਨਾ, ਟੋਨੀ ਗਿੱਲ ਮੋਗਾ, ਸੁਰਜੀਤ ਸਿੰਘ ਡਰੋਲੀ ਭਾਈ, ਰਿੱਕੀ ਅਰੋੜਾ ਹਾਜ਼ਰ ਸਨ।