ਚੰਡੀਗੜ੍ਹ: ਪੰਜਾਬੀ ਦੇ ਉੱਘੇ ਸਾਹਿਤਕਾਰ ਡਾ. ਮਨਮੋਹਨ ਦੇ ਮਾਤਾ ਜੀ ਸ੍ਰੀਮਤੀ ਦਰਸ਼ਨ ਕੌਰ ਦਾ ਅੱਜ ਚੰਡੀਗੜ੍ਹ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਸਸਕਾਰ ਵੇਲੇ ਚੰਡੀਗੜ੍ਹ ਦੇ ਸਮਸ਼ਾਨ ਘਾਟ ਵਿਚ ਵੱਡੀ ਗਿਣਤੀ ਵਿੱਚ ਪੁਲੀਸ ਪ੍ਰਸ਼ਾਸਨ, ਰਾਜਨੇਤਾ ਅਤੇ ਸਾਹਿਤਕ ਹਸਤੀਆਂ ਨੇ ਹਾਜ਼ਰੀ ਲਗਵਾਈ। 88 ਵਰ੍ਹਿਆਂ ਦੇ ਦਰਸ਼ਨ ਕੌਰ ਨੇ ਕਵਿੱਤਰੀ ਤੇ ਸਾਹਿਤਕਾਰ ਵਜੋਂ ਪੰਜਾਬੀ ਸਾਹਿਤ ਵਿੱਚ ਆਪਣਾ ਸਥਾਨ ਬਣਾਇਆ। ਉਨ੍ਹਾਂ ‘ਕਾਰਾਵਾਸ’, ‘ਯਾਦਾਂ ਦੇ ਸਾਇਬਾਨ’ ‘ਗੁਆਚਾ ਅਤੀਤ’, ‘ਕੈਸਾ ਆਲਮ ਹੈ’, ‘ਬੇਅਦਲੀ’ ਸਣੇ ਕੁੱਲ 16 ਕਿਤਾਬਾਂ ਮਾਂ-ਬੋਲੀ ਪੰਜਾਬੀ ਦੀ ਝੋਲੀ ਵਿੱਚ ਪਾਈਆਂ। ਉਨ੍ਹਾਂ ਨਮਿਤ ਪਾਠ ਦਾ ਭੋਗ 23 ਅਪਰੈਲ ਨੂੰ ਚੰਡੀਗੜ੍ਹ ਦੇ ਸੈਕਟਰ-34 ਦੇ ਗੁਰਦੁਆਰੇ ’ਚ ਪਵੇਗਾ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਸ੍ਰੀਮਤੀ ਦਰਸ਼ਨ ਕੌਰ ਦੇ ਵਿਛੋੜੇ ਨਾਲ ਅਸੀਂ ਸੁਹਿਰਦ ਕਵਿੱਤਰੀ ਤੋਂ ਵਾਂਝੇ ਹੋ ਗਏ ਹਾਂ।