ਬਲਵਿੰਦਰ ਰੈਤ
ਨੂਰਪੁਰ ਬੇਦੀ, 17 ਮਾਰਚ
ਚੌਕੀ ਕਲਵਾਂ ਅਧੀਨ ਪੈਂਦੇ ਕਾਹਨਪੁਰ ਖੂਹੀ ਲਿੰਕ ਮਾਰਗ ’ਤੇ ਅੱਜ ਸ਼ਾਮ ਵੇਲੇ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਮਾਈਨਿੰਗ ਠੇਕੇਦਾਰ ਦੇ ਕੈਸ਼ੀਅਰ ਤੋਂ ਲੱਖਾਂ ਦੀ ਨਕਦੀ ਖੋਹਣ ਦੀ ਨੀਅਤ ਨਾਲ ਗੱਡੀ ਦਾ ਸ਼ੀਸ਼ਾ ਤੋੜਨ ’ਚ ਨਾਕਾਮ ਰਹਿਣ ’ਤੇ ਦੋ ਰਾਊਂਡ ਫਾਇਰ ਕੀਤੇ। ਇਸੇ ਦੌਰਾਨ ਕੈਸ਼ੀਅਰ ਦਾ ਡਰਾਈਵਰ ਗੱਡੀ ਭਜਾ ਕੇ ਲਿਜਾਣ ’ਚ ਸਫ਼ਲ ਰਿਹਾ। ਡਰਾਈਵਰ ਵੱਲੋਂ ਵਰਤੀ ਚੌਕਸੀ ਕਾਰਨ ਨਾ ਸਿਰਫ਼ ਨਕਦੀ ਲੁੱਟਣ ਤੋਂ ਬਚਾਅ ਰਿਹਾ ਬਲਕਿ ਗੱਡੀ ’ਚ ਸਵਾਰ ਕੈਸ਼ੀਅਰ ਤੇ ਉਸ ਦੇ ਸਾਥੀ ਵੀ ਵਾਲ-ਵਾਲ ਬੱਚ ਗਏ।
ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ’ਚ ਪੀੜਤ ਸੁਖਵਿੰਦਰ ਸਿੰਘ ਉਰਫ਼ ਰਿੱਕੀ ਪੁੱਤਰ ਰਵਿੰਦਰ ਸਿੰਘ, ਵਾਸੀ ਸ਼ੇਖਾਂ ਵਾਲਾ ਮੁਹੱਲਾ, ਰੂਪਨਗਰ ਨੇ ਦੱਸਿਆ ਕਿ ਉਹ ਮਾਈਨਿੰਗ ਠੇਕੇਦਾਰ ਰੂਪਨਗਰ ਰਕੇਸ਼ ਕੁਮਾਰ ਚੌਧਰੀ ਕੋਲ ਕੈਸ਼ੀਅਰ ਵਜੋਂ ਕੰਮ ਕਰਦਾ ਹੈ। ਸ਼ਾਮ ਕਰੀਬ ਸਵਾ 5 ਵਜੇ ਜਦੋਂ ਉਹ ਪਿੰਡ ਹਰੀਪੁਰ ਦੇ ਸਤਿ ਸਾਹਿਬ ਕਰੱਸ਼ਰ ਤੋਂ 3 ਲੱਖ ਰੁਪਏ ਦੀ ਕੁਲੈਕਸ਼ਨ ਲੈ ਕੇ ਆਪਣੇ ਡਰਾਈਵਰ ਦਲਜੀਤ ਸਿੰਘ, ਅਲੋਕ ਕੁਮਾਰ ਤੇ ਜਤਿੰਦਰ ਸਿੰਘ ਨਾਲ ਬਲੈਰੋ ਗੱਡੀ ’ਤੇ ਸਵਾਰ ਹੋ ਕੇ ਕਾਹਨਪੁਰ ਖੂਹੀ ਨੂੰ ਜਾਂਦੇ ਲਿੰਕ ਮਾਰਗ ’ਤੇ ਪਹੁੰਚੇ ਤਾਂ ਮੋਟਰਸਾਈਕਲ ’ਤੇ ਸਵਾਰ ਲੁਟੇਰਿਆਂ ’ਚੋਂ ਇਕ ਨੇ ਬੇਸਬਾਲ ਬੱਲੇ ਨਾਲ ਉਨ੍ਹਾਂ ਦੀ ਗੱਡੀ ਦਾ ਸ਼ੀਸ਼ਾ ਤੋੜਨ ਦਾ ਯਤਨ ਕੀਤਾ। ਡਰਾਈਵਰ ਨੇ ਸਭਨਾਂ ਦਾ ਬਚਾਅ ਕਰਦਿਆਂ ਗੱਡੀ ਭਜਾ ਲਈ। ਇਸ ਤੋਂ ਬਾਅਦ ਹਮਲਾਵਰਾਂ ਨੇ ਗੱਡੀ ਵੱਲ ਦੋ ਫਾਇਰ ਕੀਤੇ ਪਰ ਉਹ ਸਾਰੇ ਜਣੇ ਵਾਲ-ਵਾਲ ਬੱਚ ਗਏ। ਚੌਕੀ ਕਲਵਾਂ ਦੇ ਇੰਚਾਰਜ ਏ.ਐੱਸ.ਆਈ. ਗੁਰਮੁੱਖ ਸਿੰਘ ਨੇ ਦੱਸਿਆ ਕਿ ਘਟਨਾ ਸਬੰਧੀ ਮਾਮਲਾ ਦਰਜ ਕਰ ਲਿਆ ਹੈ।