ਸ੍ਰੀ ਮੁਕਤਸਰ ਸਾਹਿਬ: ਸ਼ਹਿਰ ਦੇ ਰਘੂਨਾਥ ਮੰਦਰ ਨੇੜਲੀ ਚੱਕੀ ’ਤੇ ਕੋਹਲੂ ਨਾਲ ਸਰ੍ਹੋਂ ਦਾ ਤੇਲ ਕੱਢਣ ਦਾ ਕੰਮ ਕਰਨ ਵਾਲੇ ਦੁਕਾਨਦਾਰ ਦੀ ਛੱਤ ਡਿੱਗਣ ਕਾਰਨ ਮੌਤ ਹੋ ਗਈ ਹੈ। ਇਸ ਦੌਰਾਨ ਦੁਕਾਨ ’ਚ ਮੌਜੂਦ ਇੱਕ ਗਾਹਕ ਤੇ ਮਜ਼ਦੂਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਜਗਦੀਸ਼ ਕੁਮਾਰ ਆਪਣੀ ਦੁਕਾਨ ’ਤੇ ਗਾਹਕ ਲਈ ਤੇਲ ਕੱਢ ਰਿਹਾ ਸੀ। ਇਸੇ ਸਮੇਂ ਦੁਕਾਨ ’ਤੇ ਉਸ ਦਾ ਪੁੱਤਰ ਵੀ ਮੌਜੂਦ ਸੀ। ਦੁਕਾਨ ’ਤੇ ਦੋ ਮਜ਼ਦੂਰ ਛੱਤ ਦੀ ਮੁਰੰਮਤ ਕਰ ਰਹੇ ਸਨ। ਅਚਾਨਕ ਹੀ ਛੱਤ ਡਿੱਗ ਗਈ ਤੇ ਦੁਕਾਨਦਾਰ ਮਲਬੇ ਹੇਠ ਦਬ ਗਿਆ। ਗਾਹਕ ਰਮੇਸ਼ ਕੁਮਾਰ ਦੀ ਬਾਂਹ ਅਤੇ ਲੱਤ ’ਤੇ ਸੱਟਾਂ ਲੱਗੀਆਂ ਹਨ, ਉਸ ਨੂੰ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ। ਇੱਕ ਮਜ਼ਦੂਰ ਵੀ ਜ਼ਖ਼ਮੀ ਹੋ ਗਿਆ ਹੈ। ਮੌਕੇ ’ਤੇ ਮੌਜੂਦ ਮੰਦਰ ਦੇ ਪੁਜਾਰੀ ਸਣੇ ਹੋਰ ਲੋਕ ਜਗਦੀਸ਼ ਕੁਮਾਰ ਨੂੰ ਹਸਪਤਾਲ ਲੈ ਕੇ ਗਏ ਪਰ ਉਸ ਦੀ ਮੌਤ ਹੋ ਗਈ। ਮੌਕੇ ’ਤੇ ਪੁੱਜੇ ਥਾਣਾ ਸਿਟੀ ਦੇ ਏਐੱਸਆਈ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾ ਦਿੱਤਾ। -ਨਿੱਜੀ ਪੱਤਰ ਪ੍ਰੇਰਕ