ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 20 ਅਕਤੂਬਰ
ਸਥਾਨਕ ਜੀਟੀ ਰੋਡ ਨਗਰ ਸੁਧਾਰ ਟਰੱਸਟ ਦੇ ਅਧੀਨ ਪੈਂਦੇ ਇਲਾਕੇ ਵਿਸ਼ਵਕਰਮਾ ਨਗਰ ਵਿੱਚ ਇੱਕ-ਇਕ ਕਰਕੇ ਦੁਕਾਨਾਂ ਤੋੜਨ ਦਾ ਦੋਸ਼ ਲਾ ਕੇ ਦੁਕਾਨਦਾਰਾਂ ਵੱਲੋਂ ਨਗਰ ਸੁਧਾਰ ਟਰੱਸਟ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।
ਪ੍ਰਦਰਸ਼ਨਕਾਰੀ ਮਾਲਕਾਂ ਤੇ ਦੁਕਾਨਦਾਰਾਂ ਹਰਪ੍ਰੀਤ ਸਿੰਘ, ਓਕਾਰ ਸਿੰਘ, ਮਹਿੰਦਰ ਸਿੰਘ, ਤਰਸੇਮ ਸਿੰਘ, ਹੀਰਾ ਸਿੰਘ, ਕਵਲਜੀਤ ਸਿੰਘ, ਦੀਦਾਰ ਸਿੰਘ, ਹਰਮਿੰਦਰ ਸਿੰਘ, ਕੁਲਦੀਪ ਸਿੰਘ, ਦੀਦਾਰ ਸਿੰਘ ਸਤਪਾਲ ਸਿੰਘ, ਵਿਨੋਦ ਕੁਮਾਰ, ਬਲਜੀਤ ਸਿੰਘ, ਗੁਰਪ੍ਰੀਤ ਸਿੰਘ, ਜਸਬੀਰ ਸਿੰਘ, ਹਰਜੀਤ ਸਿੰਘ, ਰਾਜਿੰਦਰ ਸਿੰਘ, ਸੋਨੂ, ਬਬਲਾ, ਸ਼ੁਭਾਸ਼, ਅਮਨ, ਸ਼ੇਖਰ, ਜਸ਼ਨ, ਹਵਾ, ਮਨੀ, ਹੈਪੀ, ਪੰਡਿਤ ਆਦਿ ਨੇ ਦੱਸਿਆ ਕਿ ਨਗਰ ਸੁਧਾਰ ਟਰੱਸਟ ਨੇ ਅਗਸਤ 2019 ਵਿੱਚ ਵਿਸ਼ਵਕਰਮਾ ਨਗਰ ਟਰੱਕ ਪਾਰਕਿੰਗ ਯੋਜਨਾ ਤਹਿਤ ਲਗਭਗ 26 ਘਰਾਂ ਅਤੇ 62 ਕਿਰਾਏਦਾਰਾਂ ਦੀਆਂ ਦੁਕਾਨਾਂ ਸੀਲ ਕੀਤੀਆਂ ਸਨ।ਉਸ ਸਮੇਂ ਉਨਾਂ ਨੇ ਭਰੋਸਾ ਦਿੱਤਾ ਸੀ ਕਿ ਟਰੱਸਟ ਛੇਤੀ ਹੀ ਜ਼ਮੀਨ ਦੇ ਬਦਲੇ ਉਨ੍ਹਾਂ ਨੂੰ ਸ਼ਹਿਰ ਵਿੱਚ ਘਰ ਅਤੇ ਦੁਕਾਨਾਂ ਅਲਾਟ ਕਰੇਗਾ। ਲੇਕਿਨ ਦੋ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜ਼ੂਦ ਵੀ ਟਰੱਸਟ ਨੇ ਉਨ੍ਹਾਂ ਨੂੰ ਕੋਈ ਜਗ੍ਹਾ ਨਹੀ ਦਿੱਤੀ ਤੇ ਆਪਣੀ ਰੋਟੀ ਖਾਤਰ ਉਹ ਸੜਕਾਂ ’ਤੇ ਕੰਮ ਕਰਨ ਨੂੰ ਮਜ਼ਬੂਰ ਹਨ। ਦੁਕਾਨਦਾਰਾਂ ਨੇ ਦੋਸ਼ ਲਾਇਆ ਕਿ ਉਨਾਂ ਕੋਲ ਇਸ ਜਗ੍ਹਾ ਦੀ ਸਰਕਾਰੀ ਮਾਲਕੀ ਦੇ ਕਾਗਜ਼ਾਤ ਮੌਜੂਦ ਹਨ ਪਰ ਟਰੱਸਟ ਦੇ ਅਧਿਕਾਰੀ ਧੱਕੇ ਨਾਲ ਰਾਤ ਸਮੇਂ ਉਨ੍ਹਾਂ ਦੀ ਦੁਕਾਨਾਂ ਨੂੰ ਇੱਕ-ਇੱਕ ਕਰ ਕੇ ਤੋੜ ਰਹੇ ਹੈ। ਉਨ੍ਹਾਂ ਨੇ ਨਾਅਰੇਬਾਜ਼ੀ ਕਰਦਿਆਂ ਚਿਤਾਵਨੀ ਦਿੱਤੀ ਕਿ ਜੇ ਟਰੱਸਟ ਨੇ ਜਲਦ ਦੁਕਾਨਾਂ ਉਪਲੱਬਧ ਨਾ ਕਰਵਾਈਆਂ ਤਾਂ ਦੁਕਾਨਦਾਰ ਮਿਲ ਕੇ ਅੰਮ੍ਰਿਤਸਰ-ਜਲੰਧਰ ਹਾਈਵੇਅ ’ਤੇ ਧਰਨਾ ਦੇਣ ਲਈ ਮਜ਼ਬੂਰ ਹੋਣਗੇ।
ਉਧਰ, ਟਰੱਸਟ ਦੇ ਐਕਸੀਅਨ ਬਿਕਰਮਜੀਤ ਸਿੰਘ ਨੇ ਇਸ ਸਬੰਧੀ ਗੱਲ ਕਰਨ ’ਤੇ ਕਿਹਾ ਕਿ ਟਰੱਸਟ ਵਲੋਂ ਕੋਈ ਦੁਕਾਨ ਨਹੀਂ ਤੋੜੀ ਗਈ ਹੈ। ਜੇ ਟਰੱਸਟ ਨੂੰ ਕੋਈ ਹੁਕਮ ਹੋਵੇਗਾ ਤਾਂ ਇੱਕ ਇੱਕ ਕਰਕੇ ਨਹੀ ਸਾਰੀਆਂ ਦੁਕਾਨਾਂ ’ਤੇ ਬਰਾਬਰ ਕਾਰਵਾਈ ਕੀਤੀ ਜਾਵੇਗੀ।