ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਅਕਤੂਬਰ
ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਤੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਪੰਜਾਬ ਵਿੱਚ ਡੀਏਪੀ ਖਾਦ ਦੀ ਕਿੱਲਤ ਦੇ ਮਸਲੇ ਨੂੰ ਬਹੁਤ ਸ਼ਿੱਦਤ ਨਾਲ ਉਭਾਰਿਆ। ਉਨ੍ਹਾਂ ਕਿਹਾ ਕਿ ਆਗੂਆਂ ਨੇ ਕਿਹਾ ਕਿ ਪੰਜਾਬ ਨੂੰ ਹਾੜ੍ਹੀ ਦੀ ਫਸਲ ਲਈ 55 ਲੱਖ ਟਨ ਡੀਏਪੀ ਖਾਦ ਦੀ ਜ਼ਰੂਰਤ ਹੈ ਪਰ ਸੂਬੇ ਵਿੱਚ ਹਾਲੇ ਤੱਕ ਸਿਰਫ 18 ਲੱਖ ਟਨ ਡੀਏਪੀ ਦੀ ਸਪਲਾਈ ਦਾ ਇੰਤਜ਼ਾਮ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਖਾਦ ਦਾ 1200 ਰੁਪਏ ਵਾਲਾ ਗੱਟਾ 1500 ਰੁਪਏ ਤੱਕ ਵਿਕ ਰਿਹਾ ਹੈ। ਕਿਸਾਨਾਂ ਨੂੰ ਰੇਲਵੇ ਦੇ ਖਾਦ ਵਾਲੇ ਰੈਕ ਘੇਰਨੇ ਪੈ ਰਹੇ ਹਨ ਤਾਂ ਜੋ ਖਾਦ ਪ੍ਰਾਈਵੇਟ ਡੀਲਰਾਂ ਦੀ ਬਜਾਏ ਕੋਆਪਰੇਟਿਵ ਸੁਸਾਇਟੀਆਂ ਨੂੰ ਮਿਲੇ। ਉਨ੍ਹਾਂ ਦੱਸਿਆ ਕਿ ਡੀਲਰ ਡੀਏਪੀ ਖਾਦ ਦੇ ਨਾਲ ਗੈਰ-ਜ਼ਰੂਰੀ ਕੈਮੀਕਲ ਤੇ ਖਾਦਾਂ ਖਰੀਦਣ ਲਈ ਸ਼ਰਤਾਂ ਮੜ੍ਹ ਰਹੇ ਹਨ, ਜੋ ਜਾਇਜ਼ ਨਹੀਂ ਹਨ। ਝੋਨੇ ਦੀ ਕਟਾਈ/ ਵਿਕਰੀ ਵਿੱਚ ਰੁੱਝੇ ਕਿਸਾਨਾਂ ਲਈ ਡੀਏਪੀ ਖਾਦ ਦਾ ਇੰਤਜ਼ਾਮ ਕਰਨਾ ਨਵੀਂ ਸਿਰਦਰਦੀ ਬਣਿਆ ਹੋਇਆ ਹੈ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਸਰਕਾਰ ਖਾਦ ਦੀ ਕਿੱਲਤ ਤੁਰੰਤ ਦੂਰ ਕਰੇ। ਉਨ੍ਹਾਂ ਕਿਹਾ ਕਿ ਕੇਂਦਰ-ਸਰਕਾਰ ਬੁਰੀ ਤਰ੍ਹਾਂ ਘਿਰ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਖੇਤੀ ਕਾਨੂੰਨ ਰੱਦ ਕਰਨ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ। ਸਾਡਾ ਜ਼ਾਬਤਾ ਹੀ ਸਾਡੀ ਤਾਕਤ ਹੈ। ਸੋ ਏਕੇ ਦੇ ਨਾਲ ਜ਼ਾਬਤਾ ਬਣਾ ਕੇ ਰੱਖਣਾ ਜ਼ਰੂਰੀ ਹੈ।