ਪੱਤਰ ਪ੍ਰੇਰਕ
ਕਾਲਾਂਵਾਲੀ, 12 ਦਸੰਬਰ
ਖੇਤਰ ਦੇ ਪਿੰਡ ਦੇਸੂ ਮਲਕਾਣਾ ’ਚ ਗੋਲੀ ਚੱਲਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂਕਿ ਛੱਰ੍ਹੇ ਲੱਗਣ ਕਾਰਨ ਉਸ ਦਾ ਭਰਾ ਅਤੇ ਭਰਜਾਈ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਅਗਰੋਹਾ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਪਿੰਡ ਦੇਸੂ ਮਲਕਾਣਾ ਸਥਿਤ ਢਾਣੀ ਵਾਸੀ ਰੂਪ ਸਿੰਘ ਦੀ ਧੀ ਦਾ ਵਿਆਹ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਰਾਤ 9 ਵਜੇ ਦੇ ਕਰੀਬ ਹਲਦੀ ਦੀ ਰਸਮ ਪੂਰੀ ਹੋਣ ਤੋਂ ਬਾਅਦ ਜਾਗੋ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਸੀ। ਇਸ ਦੌਰਾਨ ਲੜਕੀ ਦੇ ਭਰਾ ਦੇ ਦੋਸਤ ਨੇ ਪਿਸਤੌਲ ਨਾਲ ਹਵਾ ’ਚ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਕਾਰਨ ਲੋਡਿਡ ਪਿਸਤੌਲ ਗਰਮ ਹੋ ਗਿਆ। ਨੌਜਵਾਨ ਨੇ ਇਸ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਨਜ਼ਦੀਕੀ ਪਿੰਡ ਢਾਣੀ ਦਾ ਰਹਿਣ ਵਾਲਾ ਕੁਲਦੀਪ ਸਿੰਘ, ਉਸ ਦਾ ਵੱਡਾ ਭਰਾ ਗੁਰਮੀਤ ਸਿੰਘ ਆਪਣੇ ਪਰਿਵਾਰ ਨਾਲ ਵਿਆਹ ਸਮਾਗਮ ਤੋਂ ਘਰ ਨੂੰ ਪਰਤ ਰਹੇ ਸਨ। ਲੋਡਿਡ ਪਿਸਤੌਲ ਦੀ ਚੈਕਿੰਗ ਕਰਦੇ ਸਮੇਂ ਗੋਲੀ ਚੱਲ ਗਈ ਜੋ ਕੁਲਦੀਪ ਸਿੰਘ ਦੀ ਛਾਤੀ ਵਿੱਚ ਵੱਜੀ।
ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਛੱਰ੍ਹੇ ਲੱਗਣ ਕਾਰਨ ਉਸ ਦਾ ਭਰਾ ਗੁਰਮੀਤ ਸਿੰਘ ਅਤੇ ਉਸ ਦੀ ਭਰਜਾਈ ਜਸਵਿੰਦਰ ਕੌਰ ਜ਼ਖ਼ਮੀ ਹੋ ਗਏ। ਲੋਕਾਂ ਨੇ ਜ਼ਖਮੀਆਂ ਨੂੰ ਸਿਰਸਾ ਦੇ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਕੁਲਦੀਪ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਉਸ ਦੇ ਭਰਾ ਅਤੇ ਭਰਜਾਈ ਨੂੰ ਅਗਰੋਹਾ ਰੈਫਰ ਕਰ ਦਿੱਤਾ।
ਜਸਵਿੰਦਰ ਕੌਰ ਦੀ ਹਾਲਤ ਜ਼ਿਆਦਾ ਗੰਭੀਰ ਹੋਣ ’ਤੇ ਉਸ ਨੂੰ ਰੋਹਤਕ ਪੀਜੀਆਈ ਭੇਜ ਦਿੱਤਾ ਗਿਆ ਹੈ। ਕਾਲਾਂਵਾਲੀ ਦੇ ਡੀਐੱਸਪੀ ਗੁਰਦਿਆਲ ਸਿੰਘ ਅਤੇ ਥਾਣਾ ਕਾਲਾਂਵਾਲੀ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਡੀਐੱਸਪੀ ਨੇ ਕਿਹਾ ਕਿ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।