ਸ਼ਗਨ ਕਟਾਰੀਆ
ਬਠਿੰਡਾ, 21 ਅਕਤੂਬਰ
ਸਥਾਨਕ ਅਜੀਤ ਰੋਡ ਦੀ ਗਲੀ ਨੰਬਰ ਛੇ ਵਿੱਚ ਅੱਜ ਵਾਪਰੀ ਗੋਲੀਬਾਰੀ ਦੀ ਵਾਰਦਾਤ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੋ ਨੌਜਵਾਨਾਂ ਦੀਆਂ ਲੱਤਾਂ ਵਿੱਚ ਗੋਲੀਆਂ ਵੱਜਣ ਕਾਰਨ ਉਨ੍ਹਾਂ ਨੂੰ ਜ਼ਖ਼ਮੀ ਹਾਲਤ ’ਚ ਸਿਵਲ ਹਸਪਤਾਲ ਪਹੁੰਚਾਇਆ ਗਿਆ।
ਪ੍ਰਾਪਤ ਜਾਣਕਾਰੀ ਮੁਤਾਬਕ ਘਟਨਾ ਆਪਸੀ ਗੁੱਟਬੰਦੀ ਕਾਰਨ ਵਾਪਰੀ। ਕਰੀਬ ਪੌਣੀ ਦਰਜਨ ਹਮਲਾਵਰਾਂ ਨੇ ਪਾਰਕ ’ਚ ਮੌਜੂਦ ਤਿੰਨ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ। ਹਮਲੇ ’ਚ ਬਾਰੂਦੀ ਵਰਤੋਂ ਵਾਲੇ ਹਥਿਆਰਾਂ ਤੋਂ ਇਲਾਵਾ ਲਾਠੀਆਂ ਅਤੇ ਨਲਕੇ ਦੀ ਹੱਥੀ ਦੀ ਵੀ ਵਰਤੋਂ ਕੀਤੀ ਗਈ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਹਮਲਾਵਰ ਕਾਰਾਂ ’ਚ ਫ਼ਰਾਰ ਹੋ ਗਏ। ਇਸ ਵਾਰਦਾਤ ਵਿੱਚ ਜ਼ਿਲ੍ਹੇ ਦੇ ਪਿੰਡ ਮਹਿਮਾ ਭਗਵਾਨਾ ਦੇ ਹਸਨਦੀਪ ਸਿੰਘ (30) ਦੀ ਮੌਤ ਹੋ ਗਈ। ਗੋਲੀ ਉਸ ਦੀ ਛਾਤੀ ਵਿੱਚ ਦਿਲ ਵਾਲੇ ਪਾਸੇ ਵੱਜੀ ਸੀ। ਮ੍ਰਿਤਕ ਦੇ ਦੋ ਸਾਥੀਆਂ ਪਿੰਡ ਜੰਡਾਂਵਾਲਾ ਦਾ ਬੂਟਾ ਸਿੰਘ ਅਤੇ ਪੱਕਾ ਕਲਾਂ ਦੇ ਜਸਕਰਨ ਸਿੰਘ ਦੀਆਂ ਲੱਤਾਂ ’ਚ ਗੋਲੀਆਂ ਵੱਜੀਆਂ ਹਨ ਅਤੇ ਲਾਠੀਆਂ ਨਾਲ ਕੀਤੀ ਕੁੱਟਮਾਰ ਕਾਰਨ ਉਨ੍ਹਾਂ ਦੀਆਂ ਕਈ ਹੱਡੀਆਂ ਵੀ ਟੁੱਟੀਆਂ ਹਨ। ਇਹ ਹਮਲਾ ਸੀਸੀਟੀਵੀ ਵਿੱਚ ਰਿਕਾਰਡ ਹੋ ਗਿਆ ਹੈ, ਜਿਸ ਦੀ ਘੋਖ ਪੁਲੀਸ ਵੱਲੋਂ ਕੀਤੀ ਜਾ ਰਹੀ ਹੈ। ਐੱਸਪੀ (ਐੱਚ) ਸੁਰਿੰਦਰਪਾਲ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਸਬੰਧੀ ਵਿਸਥਾਰਤ ਪ੍ਰਤੀਕਿਰਿਆ ਪੁਲੀਸ ਤਫ਼ਤੀਸ਼ ਤੋਂ ਬਾਅਦ ਹੀ ਦਿੱਤੀ ਜਾ ਸਕੇਗੀ। ਸੀਸੀਟੀਵੀ ਫ਼ੁਟੇਜ ਵੇਖਣ ਵਾਲੇ ਲੋਕਾਂ ਨੇ ਇਕ ਹਮਲਾਵਰ ਦੀ ਪਛਾਣ ਪਿੰਡ ਭੋਖ਼ੜਾ ਦੇ ਵਸਨੀਕ ਵਜੋਂ ਕੀਤੀ ਹੈ।