ਸੰਜੀਵ ਹਾਂਡਾ
ਫ਼ਿਰੋਜ਼ਪੁਰ, 3 ਸਤੰਬਰ
Triple Murder in Firozpur: ਸ਼ਹਿਰ ਦੇ ਕੰਬੋਜ ਨਗਰ ਇਲਾਕੇ ਵਿਚ ਮੰਗਲਵਾਰ ਨੂੰ ਦਿਨ-ਦਿਹਾੜੇ ਤਿੰਨ ਮੋਟਰਸਾਈਕਲਾਂ ’ਤੇ ਸਵਾਰ ਛੇ ਹਮਲਾਵਰਾਂ ਨੇ ਇੱਕ ਕਾਰ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਾਰਨ ਕਾਰ ਸਵਾਰ ਇੱਕ ਲੜਕੀ ਸਣੇ ਤਿੰਨ ਜਣਿਆਂ ਦੀ ਮੌਤ ਹੋ ਗਈ ਤੇ ਦੋ ਗੰਭੀਰ ਜ਼ਖ਼ਮੀ ਹੋ ਗਏ।
ਮ੍ਰਿਤਕ ਲੜਕੀ ਦਾ 27 ਅਕਤੂਬਰ ਨੂੰ ਵਿਆਹ ਰੱਖਿਆ ਹੋਇਆ ਸੀ, ਜਿਸ ਕਰਕੇ ਸਾਰਾ ਪਰਿਵਾਰ ਵਿਆਹ ਦੀਆਂ ਤਿਆਰੀਆਂ ਵਿਚ ਰੁੱਝਿਆ ਹੋਇਆ ਸੀ। ਮ੍ਰਿਤਕਾ ਦੀ ਪਛਾਣ ਜਸਪ੍ਰੀਤ ਕੌਰ ਵਾਸੀ ਕੰਬੋਜ ਨਗਰ ਵਜੋਂ ਹੋਈ ਹੈ।
ਘਟਨਾ ਵਿਚ ਉਸ ਦਾ ਸਕਾ ਭਰਾ ਅਨਮੋਲ ਗੰਭੀਰ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਹੈ। ਲੱਲ੍ਹੀ ਨਾਮੀ ਇੱਕ ਹੋਰ ਨੌਜਵਾਨ ਜੋ ਇਸ ਲੜਕੀ ਦਾ ਚਚੇਰਾ ਭਰਾ ਦੱਸਿਆ ਜਾ ਰਿਹਾ ਹੈ, ਦੀ ਵੀ ਮੌਤ ਹੋ ਗਈ ਹੈ।
ਘਟਨਾ ਵਿਚ ਦੋ ਹੋਰ ਸਕੇ ਭਰਾ ਹਰਪ੍ਰੀਤ ਸਿੰਘ ਅਤੇ ਅਕਾਸ਼ਦੀਪ ਸਿੰਘ ਪੁੱਤਰਾਨ ਹਰਮੇਸ਼ ਸਿੰਘ ਵਾਸੀ ਬਸਤੀ ਬਾਗ ਵਾਲੀ ਨੂੰ ਵੀ ਗੋਲੀਆਂ ਲੱਗੀਆਂ, ਜਿਨ੍ਹਾਂ ਵਿਚੋਂ ਅਕਾਸ਼ਦੀਪ (23) ਦੀ ਮੌਤ ਹੋ ਗਈ, ਜਦਕਿ ਹਰਪ੍ਰੀਤ ਸਿੰਘ (27) ਇਥੋਂ ਦੇ ਇੱਕ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ।
ਦੁਪਹਿਰ ਦੇ ਕਰੀਬ ਦੋ ਵਜੇ ਵਾਪਰੀ ਇਸ ਘਟਨਾ ਤੋਂ ਬਾਅਦ ਸਾਰੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸਐੱਸਪੀ ਸੌਮਿਆ ਮਿਸ਼ਰਾ ਸਮੇਤ ਭਾਰੀ ਪੁਲੀਸ ਫੋਰਸ ਨਾਲ ਮੌਕੇ ’ਤੇ ਪਹੁੰਚ ਗਈ।
ਤਿੰਨ ਸ਼ੱਕੀ ਹੋਏ ਸੀਸੀਟੀਵੀ ਕੈਮਰੇ ’ਚ ਕੈਦ
ਸ਼ਹਿਰ ’ਚ ਅੱਜ ਵਾਪਰੀ ਗੋਲੀਬਾਰੀ ਦੀ ਘਟਨਾ ਦੇ ਤਿੰਨ ਸ਼ੱਕੀ ਮੁਲਜ਼ਮ ਇੱਕ ਥਾਂ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਏ ਹਨ।
ਪੁਲੀਸ ਨੇ ਇਨ੍ਹਾਂ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਜਾਰੀ ਕਰ ਕੇ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਹੈ। ਪੁਲੀਸ ਨੇ ਕਿਹਾ ਹੈ ਕਿ ਜੇ ਕੋਈ ਇਨ੍ਹਾਂ ਤਿੰਨਾਂ ਨੂੰ ਪਛਾਣਦਾ ਹੋਵੇ ਤਾਂ ਤੁਰੰਤ ਪੁਲੀਸ ਨੂੰ ਸੂਚਿਤ ਕਰੇ। ਪੁਲੀਸ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਮੁਲਜ਼ਮਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।