ਮਨੋਜ ਸ਼ਰਮਾ
ਬਠਿੰਡਾ, 30 ਜੂਨ
ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੂੰ ਅੱਜ ਉਸ ਵੇਲੇ ਕਿਸਾਨ ਜਥੇਬੰਦੀਆਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਬਠਿੰਡਾ (ਏਮਸ) ਵਿਖੇ ਰੱਖੀ ਗਈ ਸਟੇਟ ਕਮੇਟੀ ਦੀ ਪਹਿਲੀ ਮੀਟਿੰਗ ਵਿਚ ਸ਼ਾਮਲ ਹੋਣ ਲਈ ਪੁੱਜੇ ਸਨ। ਉਨ੍ਹਾਂ ਨੂੰ ਏਮਸ ਦੀ ਕੰਧ ਪਾਰ ਕਰਵਾ ਕੇ ਸੁਰੱਖਿਅਤ ਬਾਹਰ ਕੱਢਿਆ ਗਿਆ। ਮੀਟਿੰਗ ’ਚ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵੀ ਸ਼ਮੂਲੀਅਤ ਕੀਤੀ। ਕਿਸਾਨ ਜਥੇਬੰਦੀਆਂ ਨੂੰ ਜਦੋਂ ਸ਼ਵੇਤ ਮਲਿਕ ਦੇ ਪੁੱਜਣ ਦੀ ਖ਼ਬਰ ਮਿਲੀ ਤਾਂ ਬੀਕੇਯੂ ਉਗਰਾਹਾਂ, ਬੀਕੇਯੂ ਸਿੱਧੂਪੁਰ, ਬੀਕੇਯੂ ਡਕੌਂਦਾ ਅਤੇ ਜਮੂਹਰੀ ਕਿਸਾਨ ਸਭਾ ਦੇ ਕਾਰਕੁੰਨ ਏਮਸ ਪੁੱਜ ਗਏ। ਉਂਜ ਹਸਪਤਾਲ ਦੇ ਮੁੱਖ ਗੇਟ ’ਤੇ ਪੁਲੀਸ ਵੱਲੋਂ ਸਵੇਰੇ ਤੋਂ ਹੀ ਬੈਰੀਕੇਡਿੰਗ ਕੀਤੀ ਹੋਈ ਸੀ ਪਰ ਜਦੋਂ ਸਵੇਰੇ 10 ਵਜੇ ਦੇ ਕਰੀਬ ਸ਼ਵੇਤ ਮਲਿਕ ਆਪਣੇ ਕਾਫਲੇ ਨਾਲ ਏਮਸ ਅੰਦਰ ਦਾਖ਼ਲ ਹੋਣ ਲੱਗੇ ਤਾਂ ਕਿਸਾਨ ਜਥੇਬੰਦੀਆਂ ਨੇ ਨਾਅਰੇਬਾਜ਼ੀ ਕਰਦਿਆਂ ਉਨ੍ਹਾਂ ਨੂੰ ਕਾਲੀ ਝੰਡੀਆਂ ਦਿਖਾਈਆਂ। ਕਿਸਾਨ ਕੇਂਦਰ ਸਰਕਾਰ ਮੁਰਦਾਬਾਦ, ਬੀਜੇਪੀ ਮੁਰਦਾਬਾਦ ਅਤੇ ਖੇਤੀ ਵਿਰੋਧੀ ਕਾਲੇ ਕਾਨੂੰਨ ਵਾਪਸ ਲਓ ਦੇ ਨਾਅਰੇ ਲਗਾ ਰਹੇ ਸਨ। ਜ਼ਿਲ੍ਹਾ ਪੁਲੀਸ ਮੁਖੀ ਭੁਪਿੰਦਰਜੀਤ ਸਿੰਘ ਵਿਰਕ ਵੱਡੇ ਲਾਮ-ਲਸ਼ਕਰ ਨਾਲ ਹਾਜ਼ਰ ਸਨ। ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਸਕੱਤਰ ਹਰਜਿੰਦਰ ਸਿੰਘ ਬੱਗੀ, ਮੋਠੂ ਸਿੰਘ ਕੋਟੜਾ, ਡਕੌਂਦਾ ਦੇ ਬੂਟਾ ਸਿੰਘ ਤੁੰਗਵਾਲੀ ਅਤੇ ਜਮਹੂਰੀ ਕਿਸਾਨ ਸਭਾ ਦਰਸ਼ਨ ਸਿੰਘ ਫੁੱਲੋਮਿੱਠੀ ਨੇ ਦੱਸਿਆ ਕਿ ਸਵੇਰ ਵੇਲੇ ਵਰਕਰਾਂ ਦੀ ਗਿਣਤੀ ਘੱਟ ਹੋਣ ਕਾਰਨ ਪੁਲੀਸ ਨੇ ਸ਼ਵੇਤ ਮਲਿਕ ਦੀ ਗੱਡੀ ਨੂੰ ਏਮਸ ਅੰਦਰ ਦਾਖ਼ਲ ਕਰਵਾ ਦਿੱਤਾ ਸੀ ਪਰ ਬਾਅਦ ’ਚ ਵੱਡੀ ਗਿਣਤੀ ’ਚ ਕਿਸਾਨ ਇਕੱਠੇ ਹੋ ਗਏ ਸਨ। ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਦਾਅਵਾ ਕੀਤਾ ਕਿ ਕਿਸਾਨ ਰੋਹ ਨੂੰ ਦੇਖਦਿਆਂ ਪੁਲੀਸ ਪ੍ਰਸ਼ਾਸਨ ਨੇ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੂੰ ਹਸਪਤਾਲ ਅੰਦਰਲੀ ਕੰਧ ਦੇ ਨਾਲ ਸਪੈਸ਼ਲ ਰੈਂਪ ਬਣਾ ਕੇ ਕੰਧ ਉਪਰ ਲੱਗੀ ਤਾਰ ਕਟਵਾ ਕੇ ਬਾਹਰ ਕੱਢਿਆ ਗਿਆ। ਜਥੇਬੰਦੀਆਂ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਨੇ ਖੁਦ ਗੱਡੀਆਂ ਦੇ ਦਰਵਾਜ਼ੇ ਖੁਲ੍ਹਵਾ ਕੇ ਕਿਸਾਨ ਆਗੂਆਂ ਦੀ ਤਸੱਲੀ ਕਰਵਾਈ ਕਿ ਉਨ੍ਹਾਂ ’ਚ ਸ਼ਵੇਤ ਮਲਿਕ ਨਹੀਂ ਹਨ। ਇਸ ਮੌਕੇ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਸਯੁੰਕਤ ਮੋਰਚੇ ਦੇ ਸੱਦੇ ’ਤੇ ਭਾਜਪਾ ਆਗੂਆਂ ਦਾ ਘਿਰਾਓ ਜਾਰੀ ਰਹੇਗਾ। ਐੱਸਐੱਸਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਪੁਸ਼ਟੀ ਕੀਤੀ ਹੈ ਕਿ ਸ਼ਵੇਤ ਮਲਿਕ ਨੂੰ ਆਰਜ਼ੀ ਰੈਂਪ ਕੱਢ ਕੇ ਬਦਲਵੇਂ ਰੂਟ ’ਤੇ ਰਵਾਨਾ ਕੀਤਾ ਗਿਆ।