ਅੰਮ੍ਰਿਤਸਰ: ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਪੰਜਾਬ ਸਰਕਾਰ ਵੱਲੋਂ ਬੀਐੱਸਐੱਫ ਦੇ ਅਧਿਕਾਰ ਖੇਤਰ ਦਾ ਘੇਰਾ ਵਧਾਉਣ ਖ਼ਿਲਾਫ਼ ਪਾਸ ਕੀਤੇ ਮਤੇ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਹੈ ਕਿ ਸੂਬੇ ਦੀ ਸਮੁੱਚੀ ਸਰਹੱਦ ਪਾਕਿਸਤਾਨ ਦੇ ਨਾਲ ਲਗਦੀ ਹੈ, ਜਿਸ ਵੱਲੋਂ ਅਤਿਵਾਦ ਨੂੰ ਉਤਸ਼ਾਹਤ ਕਰਨ ਲਈ ਸਰਹੱਦ ਪਾਰੋਂ ਹਥਿਆਰ ਤੇ ਨਸ਼ੇ ਤਸਕਰੀ ਰਾਹੀਂ ਭਾਰਤ ਵਿਚ ਭੇਜੇ ਜਾ ਰਹੇ ਹਨ। ਦੇਸ਼ ਦੀ ਸੁਰਖਿਆ ਨੂੰ ਧਿਆਨ ਵਿਚ ਰੱਖ ਕੇ ਕੇਂਦਰ ਸਰਕਾਰ ਵਲੋਂ ਬੀਐੱਸਐੱਫ ਦਾ ਅਧਿਕਾਰ ਖੇਤਰ 15 ਤੋਂ ਵਧਾ ਕੇ 50 ਕਿਲੋਮੀਟਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੀ ਪੰਜਾਬ ਸਰਕਾਰ ਦੇਸ਼ ਦੀ ਸੁਰੱਖਿਆ ਨੂੰ ਅਹਿਮੀਅਤ ਨਹੀਂ ਦਿੰਦੀ। ਉਨ੍ਹਾਂ ਮੁੱਖ ਮੰਤਰੀ ਵੱਲੋਂ ਆਰਐੱਸਐੱਸ ਖ਼ਿਲਾਫ਼ ਟਿੱਪਣੀ ਕਰਨ ’ਤੇ ਇਤਰਾਜ਼ ਕੀਤਾ ਹੈ। -ਟਨਸ