ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 9 ਫਰਵਰੀ
ਵਿਧਾਨ ਸਭਾ ਚੋਣਾਂ ਸਬੰਧੀ ਜਾਰੀ ਚੋਣ ਪ੍ਰਚਾਰ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਮੁੜ ਜੰਮੂ ਕਸ਼ਮੀਰ ਸਥਿਤ ਕਟੜਾ ਵਿਖੇ ਮਾਤਾ ਵੈਸ਼ਨੋ ਦੇਵੀ ਦੇ ਮੰਦਿਰ ਮੱਥਾ ਟੇਕਣ ਚਲੇ ਗਏ ਹਨ।
ਪੰਜਾਬ ਵਿਧਾਨ ਸਭਾ ਚੋਣਾਂ ਦੇ ਐਲਾਨ ਮਗਰੋਂ ਦਸ ਦਿਨਾਂ ਵਿੱਚ ਸ੍ਰੀ ਸਿੱਧੂ ਦੂਜੀ ਵਾਰ ਮਾਤਾ ਵੈਸ਼ਨੋ ਦੇਵੀ ਦੇ ਮੰਦਿਰ ਮੱਥਾ ਟੇਕਣ ਗਏ ਹਨ। ਉਨ੍ਹਾਂ ਦੇ ਨੇੜਲਿਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਹ ਅੱਜ ਰਾਤ ਉਥੇ ਹੀ ਠਹਿਰਾਅ ਕਰਨਗੇ ਅਤੇ ਆਰਤੀ ਵਿੱਚ ਸ਼ਾਮਲ ਹੋਣਗੇ। ਸਵੇਰੇ ਉਥੋਂ ਵਾਪਸੀ ਕਰਨਗੇ ਅਤੇ ਭਲਕੇ ਦੁਪਹਿਰ ਤੱਕ ਮੁੜ ਆਪਣੇ ਹਲਕੇ ਵਿੱਚ ਚੋਣ ਪ੍ਰਚਾਰ ਲਈ ਪੁੱਜ ਜਾਣਗੇ। ਇਸ ਦੀ ਪੁਸ਼ਟੀ ਉਨ੍ਹਾਂ ਦੇ ਇਕ ਸਹਿਯੋਗੀ ਜਸਬੀਰ ਸਿੰਘ ਸੋਢੀ ਵੱਲੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਨਵਜੋਤ ਸਿੰਘ ਸਿੱਧੂ ਮਾਤਾ ਵੈਸ਼ਨੋ ਦੇਵੀ ਗਏ ਹਨ ਅਤੇ ਵੀਰਵਾਰ ਨੂੰ ਪਰਤ ਆਉਣਗੇ।
ਸ੍ਰੀ ਸਿੱਧੂ ਇਥੇ ਅੰਮ੍ਰਿਤਸਰ ਪੂਰਬੀ ਹਲਕੇ ਵਿੱਚ ਕਾਂਗਰਸ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ ਅਤੇ ਉਨ੍ਹਾਂ ਦਾ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨਾਲ ਹੈ। ਦੋ ਕਦਾਵਰ ਸਿਆਸੀ ਆਗੂਆਂ ਵਿਚਾਲੇ ਮੁਕਾਬਲੇ ਕਾਰਨ ਇਸ ਹਲਕੇ ’ਤੇ ਪੰਜਾਬ ਵਾਸੀਆਂ ਦੀ ਨਿਗ੍ਹਾ ਟਿਕੀ ਹੋਈ ਹੈ। ਇਥੋਂ ਕਿਸੇ ਇਕ ਦੀ ਜਿੱਤ ਅਤੇ ਕਿਸੇ ਇੱਕ ਦੀ ਹਾਰ ਹੋਵੇਗੀ। ਹੁਣ ਤੱਕ ਦੋਵਾਂ ਆਗੂਆਂ ਨੇ ਆਪਣੇ ਸਿਆਸੀ ਜੀਵਨ ਦੌਰਾਨ ਕੋਈ ਵੀ ਚੋਣ ਨਹੀਂ ਹਾਰੀ ਹੈ। ਉਂਝ ਵੀ ਦੋਵਾਂ ਸਿਆਸੀ ਆਗੂਆਂ ਵਿਚਾਲੇ ਸਿਆਸੀ ਕੁੜੱਤਣ ਬਣੀ ਹੋਈ ਹੈ।
ਇਥੇ ਜ਼ਿਕਰਯੋਗ ਹੈ ਕਿ ਐਤਵਾਰ ਨੂੰ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਵੱਲੋਂ ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਚਰਨਜੀਤ ਸਿੰਘ ਚੰਨੀ ਨੂੰ ਨਾਮਜ਼ਦ ਕੀਤਾ ਗਿਆ ਹੈ। ਮੁੱਖ ਮੰਤਰੀ ਉਮੀਦਵਾਰ ਦੀ ਦਾਅਵੇਦਾਰੀ ਦੀ ਦੌੜ ਵਿੱਚ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਸ਼ਾਮਲ ਸੀ, ਜਿਸ ਵਿੱਚ ਸ੍ਰੀ ਸਿੱਧੂ ਪੱਛੜ ਗਏ ਹਨ। ਇਹ ਤੋਂ ਬਾਅਦ ਸ੍ਰੀ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਸਾਬਕਾ ਵਿਧਾਇਕਾ ਮੁੱਖ ਮੰਤਰੀ ਲਈ ਉਮੀਦਵਾਰ ਦੀ ਚੋਣ ਦੇ ਇਸ ਪੈਮਾਨੇ ’ਤੇ ਸਵਾਲੀਆ ਚਿੰਨ੍ਹ ਵੀ ਲਾ ਚੁੱਕੇ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਸੀ ਕਿ ਇਸ ਮਾਮਲੇ ਵਿੱਚ ਰਾਹੁਲ ਗਾਂਧੀ ਨੂੰ ਗੁਮਰਾਹ ਕੀਤਾ ਗਿਆ ਹੈ। ਸ੍ਰੀ ਗਾਂਧੀ ਦੇ ਇਸ ਫ਼ੈਸਲੇ ’ਤੇ ਭਾਵੇਂ ਨਵਜੋਤ ਸਿੰਘ ਸਿੱਧੂ ਨੇ ਕੋਈ ਕਿੰਤੂ-ਪ੍ਰੰਤੂ ਨਹੀਂ ਕੀਤਾ ਅਤੇ ਇਸ ਫ਼ੈਸਲੇ ਨੂੰ ਮੰਨਣ ਦਾ ਦਾਅਵਾ ਕਰ ਰਹੇ ਹਨ ਪਰ ਉਨ੍ਹਾਂ ਦੇ ਸਰੀਰਕ ਹਾਵ-ਭਾਵ ਦੱਸਦੇ ਹਨ ਕਿ ਇਸ ਫ਼ੈਸਲੇ ਨਾਲ ਉਨ੍ਹਾਂ ਦਾ ਮਨੋਬਲ ਡਿੱਗਿਆ ਹੈ।