ਜਲੰਧਰ (ਪਾਲ ਸਿੰਘ ਨੌਲੀ): ਨਵਜੋਤ ਸਿੰਘ ਸਿੱਧੂ ਵੱਲੋਂ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਸਪਾ ਦੇ ਸੂਬਾਈ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਤਿੱਖੀਆਂ ਟਿੱਪਣੀਆਂ ਕੀਤੀਆਂ ਹਨ। ਜਲੰਧਰ ਫੇਰੀ ’ਤੇ ਆਏ ਸੁਖਬੀਰ ਬਾਦਲ ਨੇ ਚੁਟਕੀ ਲੈਂਦਿਆਂ ਕਿਹਾ ਕਿ ਦੋ-ਤਿੰਨ ਮਹੀਨੇ ਪਹਿਲਾਂ ਉਨ੍ਹਾਂ ਬਿਆਨ ਦਿੱਤਾ ਸੀ ਕਿ ਨਵਜੋਤ ਸਿੰਘ ਸਿੱਧੂ ਮਿਸਗਾਈਡਡ ਮਿਜ਼ਾਈਲ ਹੈ, ਇਸ ਦਾ ਪਤਾ ਨਹੀਂ ਕਿ ਇਹ ਕਿਸ ਉੱਤੇ ਡਿੱਗ ਪਏ। ਉਨ੍ਹਾਂ ਕਿਹਾ ਕਿ ਇਹ ਗੱਲ ਸੱਚ ਸਾਬਤ ਹੋਈ ਹੈ। ਪਹਿਲਾਂ ਇਹ ਮਿਜ਼ਾਈਲ ਕੈਪਟਨ ਅਮਰਿੰਦਰ ਸਿੰਘ ’ਤੇ ਡਿੱਗੀ ਤੇ ਉਸ ਨੂੰ ਤਬਾਹ ਕੀਤਾ ਤੇ ਹੁਣ ਇਹ ਉਸੇ ਕਾਂਗਰਸ ਪਾਰਟੀ ’ਤੇ ਡਿੱਗ ਪਈ ਹੈ, ਜਿਸ ਨੇ ਇਸ ਨੂੰ ਪ੍ਰਧਾਨ ਬਣਾਇਆ ਸੀ। ਉਨ੍ਹਾਂ ਕਿਹਾ ਕਿ ਹੁਣ ਇਹ ਕਾਂਗਰਸ ਦਾ ਸਫਾਇਆ ਕਰੇਗੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਹੈ ਕਿ ਤਿੰਨ ਖੇਤੀ ਕਾਨੂੰਨ ਰੱਦ ਕਰਨ ਤੇ ਹੋਰ ਕਿਸਾਨੀ ਸਮੱਸਿਆਵਾਂ ਦਾ ਹੱਲ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੁਰੰਤ ਕਿਸਾਨਾਂ ਨਾਲ ਸਿੱਧੀ ਗੱਲਬਾਤ ਲਈ ਬਿਨਾਂ ਸ਼ਰਤ ਸੱਦਾ ਭੇਜਣ। ਇੱਕ ਬਿਆਨ ਰਾਹੀਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅੰਦੋਲਨਕਾਰੀ ਕਿਸਾਨਾਂ ਨਾਲ ਗੱਲਬਾਤ ਤੋਂ ਭੱਜਣਾ ਸਾਬਤ ਕਰਦਾ ਹੈ ਕਿ ਸਰਕਾਰ ਅੰਨਦਾਤੇ ਦਾ ਨਿਰਾਦਰ ਕਰ ਰਹੀ ਹੈ।