ਪਾਲ ਸਿੰਘ ਨੌਲੀ
ਜਲੰਧਰ, 18 ਦਸੰਬਰ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ਵਿੱਚ ਕੀਤੀ ਰੈਲੀ ਦੌਰਾਨ ਸਪੱਸ਼ਟ ਸੰਕੇਤ ਦਿੱਤੇ ਹਨ ਕਿ ਆਉਂਦੀਆਂ ਚੋਣਾਂ ਵਿੱਚ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਹੀ ਪਾਰਟੀ ਉਮੀਦਵਾਰ ਹੋਣਗੇ। ਚੀਮਾ ਦੇ ਮੋਢੇ ’ਤੇ ਹੱਥ ਰੱਖਦਿਆਂ ਸਿੱਧੂ ਨੇ ਐਲਾਨ ਕੀਤਾ ਕਿ ਉਹ ਮਰਦਾ ਮਰ ਜਾਊ ਪਰ ਅਗਲੇ ਪੰਜ-ਦਸ ਸਾਲ ਇੱਥੇ ਚੀਮੇ ਦੀ ਸਰਦਾਰੀ ਕਾਇਮ ਰੱਖੂ। ਉਨ੍ਹਾਂ ਰੈਲੀ ਵਿੱਚ ਇਕੱਠੇ ਹੋਏ ਲੋਕਾਂ ਨੂੰ ਕਿਹਾ, ‘‘ਨਵਤੇਜ ਚੀਮਾ ਇਕ ਤਰ੍ਹਾਂ ਨਾਲ ਮੇਰੀ ਅਮਾਨਤ ਹੈ ਜਿਹੜੀ ਮੈਂ ਤੁਹਾਡੇ ਸਪੁਰਦ ਕਰਕੇ ਚੱਲਿਆ ਹਾਂ।’’ ਸਿੱਧੂ ਨੇ ਵਾਰ-ਵਾਰ ਨਵਤੇਜ ਚੀਮਾ ਦੀ ਪਿੱਠ ਥਾਪੜਦਿਆਂ ਕਿਹਾ ਉਹ ਹੁਣ ਚੀਮੇ ਦੀ ਜਿੱਤ ਮਗਰੋਂ ਹੀ ਸੁਲਤਾਨਪੁਰ ਆਉਣਗੇ।
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸਿੱਧੇ ਤੌਰ ’ਤੇ ਨਿਸ਼ਾਨਾ ਬਣਾਇਆ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਂ ਲਏ ਬਿਨਾਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਤਿੱਖੇ ਨਿਸ਼ਾਨੇ ਸਾਧੇ। ਨੌਜਵਾਨਾਂ ਨੂੰ ਮੁਖਾਤਬ ਹੁੰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਬਾਬੇ ਨਾਨਕ ਦੇ ਫਲਸਫੇ ’ਤੇ ਚੱਲਦਿਆਂ ਪੰਜਾਬ ਮੁੜ ਖੜ੍ਹਾ ਹੋਵੇਗਾ। ਉਨ੍ਹਾਂ ਸਵਾਲ ਕੀਤਾ ਕਿ ਪੰਜਾਬ ਦੇ ਸਿਰਫ 100 ਪਰਿਵਾਰਾਂ ਕੋਲ ਹੀ ਪੰਜਾਬ ਦਾ ਖਜ਼ਾਨਾ ਕਿਉਂ ਜਾ ਰਿਹਾ ਹੈ?
ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਇਹ ਵਚਨ ਦਿੰਦਾ ਹੈ ਕਿ ਪੰਜਾਬ ਵਿੱਚ ਜਾਂ ਮਾਫੀਆ ਰਹੇਗਾ ਜਾਂ ਉਹ ਰਹਿਣਗੇ। ਕਾਂਗਰਸ ਸਰਕਾਰ ਨੂੰ ਰਗੜੇ ਲਾਉਂਦਿਆਂ ਸ੍ਰੀ ਸਿੱਧੂ ਨੇ ਸਵਾਲ ਕੀਤਾ ਕਿ ਆਖਰ ਸੜਕਾਂ ’ਤੇ ਅਧਿਆਪਕ ਕਿਉਂ ਰੁਲ ਰਹੇ ਹਨ? ਡਾਕਟਰ ਤੇ ਨਰਸਾਂ ਹੜਤਾਲ ’ਤੇ ਕਿਉਂ ਹਨ? ਉਨ੍ਹਾਂ ਪਾਕਿਸਤਾਨ ਨਾਲ ਲੱਗਦੀ ਸਰਹੱਦ ਖੋਲ੍ਹਣ ਦੀ ਵਕਾਲਤ ਕਰਦਿਆਂ ਕਿਹਾ ਕਿ ਇਸ ਦਾ ਫਾਇਦਾ ਕਿਸਾਨਾਂ ਨੂੰ ਹੋਵੇਗਾ। ਕਿਸਾਨੀ ਅੰਦੋਲਨ ਵਿੱਚ ਹੋਈ ਜਿੱਤ ’ਤੇ ਟਿੱਪਣੀ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਇਸ ਅੰਦੋਲਨ ’ਚ ਨਿਰੋਲ ਕਿਸਾਨਾਂ ਦੀ ਜਿੱਤ ਹੋਈ ਹੈ, ਜਿਸ ਵਿੱਚ ਕਿਸੇ ਲੀਡਰ ਦੀ ਕੋਈ ਭੂਮਿਕਾ ਨਹੀਂ ਹੈ। ਉਨ੍ਹਾਂ ਸੁਖਬੀਰ ਸਿੰਘ ਬਾਦਲ ਨੂੰ ਗੱਪੀ ਦੱਸਦਿਆਂ ਕਿਹਾ ਕਿ ਪੰਜਾਬ ਵਿੱਚ ਉਸ ਨਾਲੋਂ ਵੀ ਵੱਡਾ ਗੱਪੀ ਕੇਜਰੀਵਾਲ ਆ ਗਿਆ ਹੈ। ਉਨ੍ਹਾਂ ਕੇਜਰੀਵਾਲ ਨੂੰ ਇਸ਼ਤਿਹਾਰੀ ਸੀਐੱਮ ਦੱਸਿਆ, ਜਿਹੜਾ ਝੂਠੇ ਸਰਵੇ ਕਰਵਾ ਕੇ ਭਰਮ ਖੜ੍ਹਾ ਕਰ ਰਿਹਾ ਹੈ। ਸਿੱਧੂ ਨੇ ਕੇਜਰੀਵਾਲ ਨੂੰ ‘ਰਾਜਨੀਤਕ ਸੈਲਾਨੀ’ ਦੱਸਦਿਆਂ ਕਿਹਾ ਕਿ ਪੰਜਾਬ ’ਚ ਲੜਾਈ ਸੋਸ਼ਲ ਮੀਡੀਏ ਰਾਹੀਂ ਕੰਪਿਊਟਰਾਂ ’ਤੇ ਬੈਠ ਕੇ ਨਹੀਂ ਲੜੀ ਜਾਣੀ, ਸਗੋਂ ਇਹ ਖੇਤਾਂ ’ਚ ਲੜੀ ਜਾਣੀ ਹੈ ਜਿੱਥੇ ਕਿਸਾਨ ਤੇ ਮਜ਼ਦੂਰ ਦਾ ਪਸੀਨਾ ਵਹਿੰਦਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਕੇਜਰੀਵਾਲ ਦੀ ਸੁਖਬੀਰ ਬਾਦਲ ਨਾਲ ਅੱਟੀ-ਸੱਟੀ ਹੈ, ਇਸੇ ਕਰਕੇ ਪੰਜਾਬ ਤੋਂ ਦਿੱਲੀ ਹਵਾਈ ਅੱਡੇ ਨੂੰ ਪੀਆਰਟੀਸੀ ਦੀਆਂ ਬੱਸਾਂ ਨਹੀਂ ਚਲਦੀਆਂ, ਸਗੋਂ ਬਾਦਲਾਂ ਦੀਆਂ ਬੱਸਾਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ’ਤੇ ਬਾਦਲਾਂ ਦੇ ਸੁੱਖ-ਵਿਲਾਸ ਵਿੱਚ ਸਕੂਲ ਖੋਲ੍ਹਿਆ ਜਾਵੇਗਾ। ਉਨ੍ਹਾਂ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੀ ਸਿਫ਼ਤ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ਨੂੰ ਤਾਂ ਸੁਪਨੇ ਵੀ ਰਾਜਾ ਵੜਿੰਗ ਦੇ ਆਉਂਦੇ ਹਨ ਜਿਸ ਨੇ ਉਨ੍ਹਾਂ ਦੀਆਂ ਨਾਜਾਇਜ਼ ਚੱਲਦੀਆਂ ਬੱਸਾਂ ਨੂੰ ਬੰਦ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਦੋਖੀਆਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਸਜ਼ਾ ਮਿਲੇਗੀ।
ਸਿੱਧੂ ਸ਼ਹਿਰੀ ਤੇ ਪੇਂਡੂ ਲੋਕਾਂ ’ਚ ਪਾ ਰਹੇ ਨੇ ਵੰਡੀਆਂ: ਅਸ਼ਵਨੀ ਸ਼ਰਮਾ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ’ਤੇ ਆਰਥਿਕਤਾ ਪੱਖੋਂ ਪੱਛੜੇ ਲੋਕਾਂ ਨੂੰ ਸ਼ਹਿਰੀ ਅਤੇ ਪੇਂਡੂ ਗਰੀਬਾਂ ’ਚ ਵੰਡਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਸਿੱਧੂ ‘ਪਾੜੋ ਤੇ ਰਾਜ ਕਰੋ’ ਦੀ ਮਾਨਸਿਕਤਾ ਤਹਿਤ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰਾਂ ਅਤੇ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਰੁਜ਼ਗਾਰ ਦਾ ਬਰਾਬਰ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸੱਤਾ ’ਚ ਆਉਣ ’ਤੇ ਸਾਰਿਆਂ ਨੂੰ ਰੁਜ਼ਗਾਰ ਦੇ ਬਰਾਬਰ ਮੌਕੇ ਪ੍ਰਦਾਨ ਕਰੇਗੀ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸਿੱਧੂ ਨੂੰ ਲੋਕਾਂ ਨੂੰ ਵੰਡਣਾ ਨਹੀਂ ਚਾਹੀਦਾ। ਭਾਜਪਾ ਕਦੇ ਵੀ ਵੰਡ ਦੀ ਰਾਜਨੀਤੀ ਨਹੀਂ ਕਰਦੀ ਅਤੇ ਨਾ ਹੀ ਕਰੇਗੀ। ਅੱਜ ਪੰਜਾਬ ਬਹੁਤ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਸਾਡੇ ਬੱਚਿਆਂ ਦੀ ਆਉਣ ਵਾਲੀ ਪੀੜ੍ਹੀ ਲਈ ਰੁਜ਼ਗਾਰ ਅਤੇ ਰੋਜ਼ੀ-ਰੋਟੀ ਦਾ ਪੰਜਾਬ ਵਿੱਚ ਕੋਈ ਭਵਿੱਖ ਨਹੀਂ ਹੈ। ਇਸੇ ਕਰਕੇ ਉਹ ਕੈਨੇਡਾ, ਅਮਰੀਕਾ, ਯੂਰੋਪ ਅਤੇ ਹੋਰ ਦੇਸ਼ਾਂ ਵਿੱਚ ਜਾ ਰਹੇ ਹਨ। ਕੋਈ ਵੀ ਸਿਆਸੀ ਪਾਰਟੀ ਪੰਜਾਬ ਦੇ ਨੌਜਵਾਨਾਂ ਦੇ ਹੁਨਰ ਅਤੇ ਕਾਰਜ-ਸ਼ਕਤੀ ਦੇ ਪਰਵਾਸ ਬਾਰੇ ਗੰਭੀਰਤਾ ਨਾਲ ਵਿਚਾਰ ਨਹੀਂ ਕਰ ਰਹੀ। ਜਿਵੇਂ ਹੀ ਚੋਣਾਂ ਆਉਂਦੀਆਂ ਹਨ, ਸਾਰੀਆਂ ਸਿਆਸੀ ਪਾਰਟੀਆਂ ਜਨਤਾ ਦੇ ਭਲੇ ਲਈ ਨਵੇਂ-ਨਵੇਂ ਪ੍ਰਸਤਾਵਾਂ ਅਤੇ ਪ੍ਰੋਗਰਾਮਾਂ ਦੀ ਸੂਚੀ ਲੈ ਕੇ ਆ ਜਾਂਦੀਆਂ ਹਨ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਉਹ ਆਪਣੇ ਵਾਅਦੇ ਭੁੱਲ ਜਾਂਦੀਆਂ ਹਨ।