ਡੀਪੀਐੱਸ ਬੱਤਰਾ
ਸਮਰਾਲਾ, 15 ਅਪਰੈਲ
ਇੱਥੇ ਅੱਜ ਹਲਕਾ ਸਮਰਾਲਾ ਦੇ ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਘਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮਾਲਵਾ ਖੇਤਰ ਨਾਲ ਸਬੰਧਤ ਕਾਂਗਰਸ ਦੇ ਕਰੀਬ ਇਕ ਦਰਜਨ ਸਾਬਕਾ ਵਿਧਾਇਕਾਂ ਅਤੇ ਪਾਰਟੀ ਦੀ ਟਿਕਟ ’ਤੇ ਚੋਣ ਲੜਨ ਵਾਲੇ ਆਗੂਆਂ ਨਾਲ ਬੰਦ ਕਮਰਾ ਮੀਟਿੰਗ ਕੀਤੀ। ਸੂਤਰ ਦੱਸਦੇ ਹਨ ਕਿ ਇਸ ਮੀਟਿੰਗ ਵਿੱਚ ਆਪਸੀ ਏਕਤਾ ਅਤੇ ਪਾਰਟੀ ਨੂੰ ਭਵਿੱਖ ਵਿੱਚ ਮਜ਼ਬੂਤ ਕਰਨ ਲਈ ਰਣਨੀਤੀ ’ਤੇ ਸਹਿਮਤੀ ਹੋਈ ਹੈ। ਪੱਤਰਕਾਰਾਂ ਨੂੰ ਇਸ ਮੀਟਿੰਗ ਤੋਂ ਦੂਰ ਰੱਖਿਆ ਗਿਆ ਪਰ ਸੂਤਰ ਦੱਸਦੇ ਹਨ ਕਿ ਇਸ ਮੀਟਿੰਗ ਦੌਰਾਨ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਦੀ ਕਾਰਗੁਜ਼ਾਰੀ ’ਤੇ ਕਈ ਸਵਾਲ ਉੱਠੇ ਹਨ।
ਭਰੋਸੇਯੋਗ ਸੂਤਰਾਂ ਮੁਤਾਬਕ ਇਸ ਵਾਰ ਟਿਕਟ ਨਾ ਮਿਲਣ ਕਾਰਨ ਪਾਰਟੀ ਤੋਂ ਵੱਖ ਹੋ ਕੇ ਆਜ਼ਾਦ ਚੋਣ ਲੜਨ ਵਾਲੇ ਅਮਰੀਕ ਸਿੰਘ ਢਿੱਲੋਂ ਨੇ ਸਿੱਧੂ ਅੱਗੇ ਆਪਣੀ ਗੱਲ ਰੱਖਦਿਆਂ ਇਥੋਂ ਤੱਕ ਆਖ ਦਿੱਤਾ ਕਿ ਟਿਕਟਾਂ ਦੀ ਵੰਡ ’ਚ ਕੀਤੇ ਗਏ ਪੱਖਪਾਤ ਕਾਰਨ ਪਾਰਟੀ ਦਾ ਪੰਜਾਬ ’ਚ ਵੱਡਾ ਨੁਕਸਾਨ ਹੋਇਆ ਹੈ। ਪੰਜਾਬ ਟਰਾਂਸਮਿਸ਼ਨ ਕਾਰਪੋਰੇਸ਼ਨ ਦੇ ਪ੍ਰਬੰਧਕੀ ਡਾਇਰੈਕਟਰ ਕਰਨਵੀਰ ਸਿੰਘ ਢਿੱਲੋਂ ਨੇ ਵੀ ਟਿਕਟਾਂ ਦੀ ਵੰਡ ਸਬੰਧੀ ਵਿਤਕਰੇ ਦਾ ਮਾਮਲਾ ਤੁਰੰਤ ਹਾਈਕਮਾਨ ਅੱਗੇ ਚੁੱਕਣ ਦੀ ਮੰਗ ਕੀਤੀ। ਸੂਤਰਾਂ ਅਨੁਸਾਰ ਸਿੱਧੂ ਨੇ ਭਰੋਸਾ ਦਿੱਤਾ ਕਿ ਉਹ ਮਾਮਲਾ ਹਾਈਕਮਾਨ ਦੇ ਧਿਆਨ ਵਿੱਚ ਲਿਆਉਣਗੇ ਅਤੇ ਅੱਗੋਂ ਅਜਿਹਾ ਨਹੀਂ ਹੋਵੇਗਾ। ਇਸ ਮੀਟਿੰਗ ਵਿੱਚ ਅਸ਼ਵਨੀ ਸੇਖੜੀ, ਨਵਤੇਜ ਚੀਮਾ, ਸੁਰਜੀਤ ਧੀਮਾਨ, ਸ਼ੇਰ ਸਿੰਘ ਘੁਬਾਇਆ, ਸੁਨੀਲ ਦੱਤੀ, ਜੱਸਾ ਮਜੀਠੀਆ, ਲਾਡੀ ਬਠਿੰਡਾ, ਹਰਦਿਆਲ ਸਿੰਘ ਕੰਬੋਜ ਤੇ ਡੈਨੀ ਜੰਡਿਆਲਾ ਗੁਰੂ ਮੌਜੂਦ ਸਨ।