ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 12 ਫਰਵਰੀ
ਹਲਕਾ ਪੂਰਬੀ ਤੋਂ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਬੋਲਬਾਣੀ ਨੂੰ ਲੈ ਕੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ। ਉਨ੍ਹਾਂ ਕਿਹਾ, ‘‘ਸਿੱਧੂ ਹਲਕਾ ਪੂਰਬੀ ਵਿੱਚ ਆਪਣੇ ਖ਼ਿਲਾਫ਼ ਬਣੇ ਹਾਲਾਤ ਤੋਂ ਨਿਰਾਸ਼ ਹੋ ਕੇ ਨਮੋਸ਼ੀ ਕਾਰਨ ਹਰੇਕ ਵਿਅਕਤੀ ਖ਼ਿਲਾਫ਼ ਮੰਦੀ ਸ਼ਬਦਾਵਲੀ ਵਰਤ ਰਹੇ ਹਨ।’’ ਉਨ੍ਹਾਂ ਨੇ ਸ੍ਰੀ ਸਿੱਧੂ ਦੇ ਪੰਜਾਬ ਮਾਡਲ ਨੂੰ ਵੀ ਲੋਕਾਂ ਲਈ ਭਰਮਾਉਣ ਵਾਲਾ ਮਾਡਲ ਕਰਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਸਿੱਧੂ ਦਾ ਮਾਡਲ ਦੇਖਣਾ ਹੈ ਤਾਂ ਹਲਕਾ ਪੂਰਬੀ ਦੇ ਮੰਦੇ ਹਾਲ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ। ਵੱਲਾ ਦੀ ਸਬਜ਼ੀ ਮੰਡੀ ਦੇ ਮੌਜੂਦਾ ਮਾੜੇ ਹਾਲ ਮੀਡੀਆ ਨੂੰ ਦੱਸਦਿਆਂ ਇਕ ਪੱਤਰਕਾਰ ਸੰਮੇਲਨ ਵਿੱਚ ਉਨ੍ਹਾਂ ਕਿਹਾ ਕਿ ਇਥੋਂ ਦੇ ਮਾੜੇ ਹਾਲਾਤ ਦੇਖ ਕੇ ਕਾਂਗਰਸੀ ਉਮੀਦਵਾਰ ਦੇ ਪੰਜਾਬ ਮਾਡਲ ਦਾ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਬਜ਼ੀ ਮੰਡੀ ਵਿੱਚ ਨਿਕਾਸੀ ਪ੍ਰਬੰਧਾਂ ਦਾ ਮਾੜਾ ਹਾਲ ਹੈ। ਇਸ ਦੀ ਸਾਫ਼-ਸਫਾਈ ਵਪਾਰੀਆਂ ਨੂੰ ਖੁਦ ਕਰਨੀ ਪੈ ਰਹੀ ਹੈ ਜਦੋਂਕਿ ਉਹ ਹਰ ਸਾਲ ਲੱਖਾਂ ਕਰੋੜਾਂ ਰੁਪਏ ਟੈਕਸ ਵਜੋਂ ਦੇ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਿੱਧੂ ਜੋੜੇ ਉਚ ਅਹੁਦਿਆਂ ’ਤੇ ਬਣੇ ਰਹਿਣ ਦੇ ਬਾਵਜੂਦ ਇਸ ਹਲਕੇ ਦੇ ਲੋਕਾਂ ਲਈ ਕੁਝ ਨਹੀਂ ਕੀਤਾ। ਬ੍ਰਾਹਮਣ ਸਮਾਜ ਲਈ ਮਾੜੀ ਸ਼ਬਦਾਵਲੀ ਵਰਤਣ ਦਾ ਦੋਸ਼ ਲਾਉਂਦਿਆਂ ਅਕਾਲੀ ਆਗੂ ਨੇ ਕਿਹਾ, ‘‘ਸਿੱਧੂ ਨੇ ਇਕ ਵਾਰ ਮੁੜ ਸਾਬਤ ਕਰ ਦਿੱਤਾ ਹੈ ਕਿ ਉਹ ਕੱਟੜ ਹਿੰਦੂ ਵਿਰੋਧੀ ਹੈ ਅਤੇ ਸਮਾਜ ਨੂੰ ਫਿਰਕੂ ਲੀਹਾਂ ’ਤੇ ਵੰਡਣਾ ਚਾਹੁੰਦਾ ਹੈ। ਇਸ ਤੋਂ ਪਹਿਲਾਂ ਉਹ ਸੁਨੀਲ ਜਾਖੜ ਨੂੰ ਇਕ ਹਿੰਦੂ ਵਜੋਂ ਮੁੱਖ ਮੰਤਰੀ ਬਣਨ ਦਾ ਵਿਰੋਧ ਕਰ ਚੁੱਕਾ ਹੈ।’’ ਉਨ੍ਹਾਂ ਕਿਹਾ ਕਿ ਪਿੰਡ ਮੂਧਲ ਵਿੱਚ ਵੀ ਮਹਿਲਾ ਸਰਪੰਚ, ਉਸ ਦੇ ਪਤੀ ਤੇ ਸਮਰਥਕਾਂ ਖ਼ਿਲਾਫ਼ ਮੰਦੀ ਸ਼ਬਦਾਵਲੀ ਵਰਤੀ ਹੈ, ਜੋ ਕਿ ਨਿੰਦਣਯੋਗ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਦੇ ਘਰੋਂ ਬਰਾਮਦ ਹੋਈ ਕਰੋੜਾਂ ਰੁਪਇਆਂ ਦੀ ਨਕਦੀ ਬਾਰੇ ਅਕਾਲੀ ਆਗੂ ਨੇ ਦੋਸ਼ ਲਾਇਆ ਕਿ ਇਹ ਰਕਮ ਸਿਰਫ ਰੇਤ ਮਾਫ਼ੀਆ ਦੀ ਨਹੀਂ ਸਗੋਂ ਤਬਾਦਲਿਆਂ ਤੇ ਨਿਯੁਕਤੀਆਂ ਲਈ ਵਸੂਲੀ ਰਕਮ ਵੀ ਹੈ।
ਉਨ੍ਹਾਂ ਆਮ ਆਦਮੀ ਪਾਰਟੀ ਦੇ ਦਿੱਲੀ ਮਾਡਲ ਨੂੰ ਵੀ ਇਕ ਵੱਡਾ ਧੋਖਾ ਕਰਾਰ ਦਿੱਤਾ। ਇਸ ਦੌਰਾਨ ਪੂਰਬੀ ਹਲਕੇ ਵਿੱਚੋਂ ਵੱਡੀ ਗਿਣਤੀ ਵਿੱਚ ਕਾਂਗਰਸੀ ਸਮਰਥਕ ਅਕਾਲੀ ਦਲ ਵਿੱਚ ਸ਼ਾਮਲ ਹੋਏ, ਜਿਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਵਿੱਚ ਆਉਣ ’ਤੇ ਸਵਾਗਤ ਕੀਤਾ ਗਿਆ। ਤਹਿਸੀਲਪੁਰਾ ਵਿੱਚ ਹਿੰਦੂ ਭਾਈਚਾਰੇ ਵਲੋਂ ਸ੍ਰੀ ਮਜੀਠੀਆ ਦਾ ਸਵਾਗਤ ਕੀਤਾ ਗਿਆ।