ਜੋਗਿੰਦਰ ਸਿੰਘ ਮਾਨ
ਮਾਨਸਾ, 15 ਜੁਲਾਈ
ਦਿੱਲੀ ਤੋਂ ਲਿਆਂਦੇ ਅੰਕਿਤ ਸੇਰਸਾ ਅਤੇ ਸਚਿਨ ਚੌਧਰੀ ਦਾ ਅੱਜ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਾਉਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ 8 ਦਿਨ ਲਈ ਪੁਲੀਸ ਰਿਮਾਂਡ ਉਤੇ ਭੇਜਿਆ ਗਿਆ ਹੈ। ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਗੌਰਵ ਤੂਰਾ ਨੇ ਦੱਸਿਆ ਕਿ ਹੁਣ ਉਨ੍ਹਾਂ ਨੂੰ 23 ਜੁਲਾਈ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਫਿਲਹਾਲ ਉਨ੍ਹਾਂ ਨੂੰ ਮਾਨਸਾ ਦੇ ਸੀਆਈਏ ਪੁਲੀਸ ਸਟੇਸ਼ਨ ਵਿੱਚ ਰੱਖਿਆ ਜਾਵੇਗਾ। ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਕਤਲ ਕਾਂਡ ਮਾਮਲੇ ਵਿਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵੱਲੋਂ ਪੰਜਾਬ ਪੁਲੀਸ ਨੂੰ ਸਭ ਤੋਂ ਛੋਟੀ ਉਮਰ ਦੇ ਸ਼ੂਟਰ ਅੰਕਿਤ ਸੇਰਸਾ (19) ਅਤੇ ਸਚਿਨ ਚੌਧਰੀ ਉਰਫ਼ ਸਚਿਨ ਭਵਾਨੀ ਦਾ ਕੱਲ੍ਹ ਟਰਾਂਜ਼ਿਟ ਰਿਮਾਂਡ ਦੇਣ ਤੋਂ ਮਗਰੋਂ ਅੱਧੀ ਰਾਤ ਨੂੰ ਮਾਨਸਾ ਲਿਆਂਦਾ ਗਿਆ ਸੀ। ਉਧਰ ਮਾਨਸਾ ਦੇ ਸੀਆਈਏ ਵਿਖੇ ਹੀ ਪਹਿਲਾਂ ਤੋਂ ਸਿੱਧੂ ਮੂਸੇਵਾਲਾ ਦੇ ਕਤਲ ਸਬੰਧੀ ਦਿੱਲੀ ਤੋਂ ਲਿਆਂਦੇ ਪ੍ਰੀਆਵਰਤ ਫੌਜੀ,ਕਸ਼ਿਸ਼, ਕੇਸ਼ਵ ਅਤੇ ਦੀਪਕ ਟੀਨੂੰ ਤੋਂ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ।