ਜੋਗਿੰਦਰ ਸਿੰਘ ਮਾਨ
ਮਾਨਸਾ, 12 ਜੂਨ
ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ’ਚ ਮਾਨਸਾ ਪੁਲੀਸ ਦੇ ਦੋ ਹਫ਼ਤਿਆਂ ਬਾਅਦ ਵੀ ਹੱਥ ਖਾਲੀ ਹਨ। 29 ਮਈ ਦੀ ਘਟਨਾ ਤੋਂ ਬਾਅਦ ਹੁਣ ਤੱਕ ਪੁਲੀਸ ਨਾ ਕਾਤਲਾਂ ਨੂੰ ਫ਼ੜ ਸਕੀ ਹੈ ਅਤੇ ਨਾ ਹੀ ਹਥਿਆਰ, ਜਦੋਂ ਕਿ ਨਾ ਹੀ ਸ਼ੂਟਰਾਂ ਦੀ ਪੱਕੀ ਗਿਣਤੀ ਦਾ ਕੋਈ ਦਾਅਵਾ ਕਰ ਸਕੀ। ਪੁਲੀਸ ਵੱਲੋਂ ਅਜੇ ਤੱਕ ਕੋਈ ਸ਼ਾਰਪ ਸ਼ੂਟਰ ਕਾਤਲ ਵਜੋਂ ਕਾਬੂ ਨਹੀਂ ਕੀਤਾ ਜਾ ਸਕਿਆ। ਪੁਲੀਸ ਨੂੰ ਅਜੇ ਇਸ ਗੱਲ ਦਾ ਵੀ ਪਤਾ ਨਹੀਂ ਕਿ ਕਤਲ ਲਈ ਕਿਹੜੇ ਹਥਿਆਰਾਂ ਦੀ ਵਰਤੋਂ ਕੀਤੀ ਗਈ। ਪੁਲੀਸ ਕੋਲ ਇਸ ਗੱਲ ਦੇ ਵੀ ਪੁਖ਼ਤਾ ਸਬੂਤ ਨਹੀਂ ਕਿ ਕਤਲ ਕਰਨ ਵੇਲੇ ਸ਼ਾਰਪ ਸ਼ੂਟਰਾਂ ਜਾਂ ਕਾਤਲਾਂ ਦੀ ਗਿਣਤੀ ਕਿੰਨੀ ਸੀ। ਹੁਣ ਪੰਜਾਬ ਪੁਲੀਸ ਅਤੇ ਦਿੱਲੀ ਪੁਲੀਸ ਦੀ ਜਾਂਚ ਅਤੇ ਦਾਅਵੇ ਵੀ ਇੱਕ ਦੂਜੇ ਨਾਲੋ ਵੱਖਰੇ ਵੱਖਰੇ ਰੂਪ ਵਿੱਚ ਸਾਹਮਣੇ ਆਉਣ ਲੱਗੇ ਹਨ। ਪਹਿਲਾਂ ਭਾਵੇਂ 8 ਸ਼ਾਰਪ ਸ਼ੂਟਰਾਂ ਦੀ ਲਿਸਟ ਰਿਲੀਜ਼ ਕੀਤੀ ਗਈ ਸੀ ਪਰ ਹੁਣ ਪੁਲੀਸ ਵਲੋਂ ਕਿਹਾ ਜਾਣ ਲੱਗਾ ਹੈ ਕਿ ਇਨ੍ਹਾਂ ਵਿਚੋਂ ਕੋਈ ਕਤਲ ਦੀ ਘਟਨਾ ਸਮੇਂ ਸ਼ਾਮਲ ਨਹੀਂ ਸੀ। ਦਿੱਲੀ ਪੁਲੀਸ 5 ਜਾਂ 6 ਸੂਟਰਾਂ ਦੀ ਗੱਲ ਕਰਨ ਲੱਗੀ ਹੈ ਪਰ ਪੰਜਾਬ ਪੁਲੀਸ ਚਾਰ ਸ਼ੂਟਰਾਂ ਦੀ ਗੱਲ ਕਰ ਰਹੀ ਹੈ। ਸਹੀ ਗਿਣਤੀ ਦਾ ਦੋਨਾਂ ਨੂੰ ਨਹੀਂ ਪਤਾ ਹੈ। ਉੱਚ ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਪਹਿਲਾਂ ਸਿੱਧੂ ਮੂਸੇਵਾਲਾ ਦੇ ਕਤਲ ਲਈ 8 ਸ਼ੂਟਰਾਂ ਦੀ ਲਿਸਟ ਰਿਲੀਜ਼ ਕੀਤੀ ਗਈ ਸੀ। ਇਨ੍ਹਾਂ ਵਿੱਚ ਪੁਣੇ ਦੇ ਸਿਦੇਸ਼ ਹੀਰਾਮਨ ਕਾਂਬਲੇ ਉਰਫ਼ ਸੌਰਵ ਮਹਾਕਾਲ ਨੂੰ ਪੁਣੇ ਪੁਲੀਸ ਨੇ ਕਾਬੂ ਕੀਤਾ ਪਰ ਹੁਣ ਦਿੱਲੀ ਪੁਲੀਸ ਦਾ ਕਹਿਣਾ ਹੈ ਕਿ ਮਹਾਕਾਲ, ਸਿੱਧੂ ਮੂਸੇਵਾਲਾ ਦਾ ਕਾਤਲ ਨਹੀਂ ਹੈ ਅਤੇ ਕਾਤਲਾਂ ਦਾ ਕਰੀਬੀ ਹੋ ਸਕਦਾ ਹੈ।
ਉਧਰ ਬਠਿੰਡਾ ਦੀ ਪੁਲੀਸ ਨੇ ਹਰਕਮਲ ਰਾਣੂ ਨੂੰ ਹਿਰਾਸਤ ਵਿਚ ਲਿਆ ਹੈ ਪਰ ਉਸ ਬਾਰੇ ਵੀ ਕਿਹਾ ਜਾ ਰਿਹਾ ਹੈ ਕਿ ਉਹ ਅਪਰਾਧੀ ਬਿਰਤੀ ਦਾ ਤਾਂ ਹੈ ਅਤੇ ਉਸ ਉਪਰ 11, ਮੁੱਕਦਮੇ ਹਨ ਪਰ ਉਹ ਕੋਈ ਵੱਡਾ ਅਪਰਾਧੀ ਨਹੀਂ ਹੈ, ਨਾ ਹੀ ਸਿੱਧੂ ਮੂਸੇਵਾਲਾ ਦੇ ਕਾਤਲਾਂ ਦੀ ਸੂਚੀ ਵਿਚ ਸ਼ਾਮਲ ਹੋ ਸਕਦਾ ਹੈ।
ਉਧਰ ਮਾਨਸਾ ਪੁਲੀਸ ਅਜੇ ਤੱਕ ਹਥਿਆਰਾਂ ਨੂੰ ਲੈਕੇ ਵੀ ਕਸੂਤੀ ਉਲਝੀ ਹੋਈ ਹੈ। ਸਿੱਧੂ ਮੂਸੇਵਾਲਾ ਦੇ ਸਰੀਰ ਉੱਤੇ 24 ਗੋਲੀਆਂ ਦੇ ਨਿਸ਼ਾਨ ਮਿਲੇ ਹਨ, ਜਿਸ ਵਿਚੋਂ 7 ਗੋਲੀਆਂ ਉਸ ਦੇ ਸਰੀਰ ਵਿਚੋਂ ਮਿਲੀਆਂ ਹਨ। ਪੁਲੀਸ ਨੇ ਪਹਿਲਾਂ ਕਿਹਾ ਸੀ ਕਿ ਸਿੱਧੂ ਮੂਸੇਵਾਲਾ ਦੇ ਕਤਲ ਲਈ 3 ਕਿਸਮ ਦੇ ਹਥਿਆਰ ਵਰਤੇ ਗਏ ਹਨ, ਇਨ੍ਹਾਂ ਵਿਚੋਂ ਇਕ ਰੂਸੀ ਏਐੱਨ-94 ਦਾ ਦਾਅਵਾ ਕੀਤਾ ਗਿਆ ਸੀ। ਹਾਲਾਂਕਿ ਪੰਜਾਬ ਪੁਲੀਸ ਅਜੇ ਤੱਕ ਇਹ ਯਕੀਨ ਨਾਲ ਨਹੀਂ ਕਹਿ ਸਕੀ ਕਿ ਸੱਚ ਮੁੱਚ ਇਹ ਹਥਿਆਰ ਵਰਤਿਆ ਵੀ ਗਿਆ ਹੈ ਜਾਂ ਨਹੀਂ। ਪੁਲੀਸ ਅਫ਼ਸਰਾਂ ਦਾ ਕਹਿਣਾ ਹੈ ਕਿ ਸਬੂਤਾਂ ਨੂੰ ਲੈਬਾਰਟਰੀ ਵਿਚ ਭੇਜਿਆ ਗਿਆ ਹੈ, ਜਿਨ੍ਹਾਂ ਦੀ ਰਿਪੋਰਟ ਆਉਣ ਉਤੇ ਅਸਲੀਅਤ ਪਤਾ ਲੱਗ ਸਕੇਗੀ।
ਪੰਜਾਬ ਪੁਲੀਸ ਹੁਣ ਤੱਕ ਇਸ ਕੇਸ ਵਿੱਚ 9 ਜਾਣਿਆ ਨੂੰ ਹੀ ਫੜ ਸਕੀ ਹੈ, ਜਿਨ੍ਹਾਂ ਵਿਚੋਂ ਇਕ ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਵਾਲਾ ਸੰਦੀਪ ਕੁਮਾਰ ਉਰਫ ਕੇਕੜਾ ਵੀ ਸ਼ਾਮਲ ਹੈ, ਜੋ ਹੁਣ ਪੁਲੀਸ ਰਿਮਾਂਡ ਉਤੇ ਹੈ। ਉਸ ਤੋਂ ਇਲਾਵਾ ਪ੍ਰੋਡਕਸ਼ਨ ਵਾਰੰਟ ਉਪਰ ਲਿਆਂਦੇ ਮੋਨੂੰ ਡਾਗਰ, ਪਵਨ, ਨਸੀਬ ਖ਼ਾਨ ਦਾ ਕੇਕੜਾ ਦੇ ਨਾਲ ਹੀ 15 ਜੂਨ ਤੱਕ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਦੋਂ ਕਿ ਮਨਪ੍ਰੀਤ ਮੰਨਾ, ਮਨਪ੍ਰੀਤ ਭਾਉ, ਸਰਾਜ ਮਿੰਟੂ, ਪ੍ਰਭਦੀਪ ਸਿੰਘ ਪੱਬੀ ਅਤੇ ਚਰਨਜੀਤ ਸਿੰਘ ਚੇਤਨ ਨੂੰ 14 ਦਿਨ ਦੇ ਜੁਡੀਸ਼ਲ ਰਿਮਾਂਡ ‘ਤੇ ਮਾਨਸਾ ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ। ਇਸੇ ਦੌਰਾਨ ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਗੌਰਵ ਤੂਰਾ ਨੇ ਦੱਸਿਆ ਸਿੱਧੂ ਮੂਸੇਵਾਲਾ ਕਤਲ ਕਾਂਡ ਲਈ ਪੁਲੀਸ ਵਲੋਂ ਸਾਰੇ ਕਸੂਰਵਾਰਾਂ ਨੂੰ ਛੇਤੀ ਹੀ ਕਾਬੂ ਕੀਤਾ ਜਾ ਰਿਹਾ ਹੈ, ਇਸ ਲਈ ਲਗਾਤਾਰ ਛਾਪੇਮਾਰੀ ਜਾਰੀ ਹੈ ਅਤੇ ਪੁਲੀਸ ਅਨੇਕਾਂ ਚੰਗੇ ਨਤੀਜਿਆਂ ਤੱਕ ਪਹੁੰਚ ਚੁੱਕੀ ਹੈ।