ਜਸਬੀਰ ਸਿੰਘ ਚਾਨਾ
ਫਗਵਾੜਾ, 29 ਮਈ
ਕੌਮੀ ਐਸ.ਸੀ./ਐੱਸ.ਟੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰੇ ਜਾਣ ਦੀ ਨਿਖੇਧੀ ਕੀਤੀ ਹੈ ਤੇ ਕਿਹਾ ਕਿ ਸਰਕਾਰ ਨੇ ਵਿਸ਼ੇਸ਼ ਵਿਅਕਤੀਆਂ ਦੀ ਸੁਰੱਖਿਆਂ ਨੂੰ ਘਟਾਉਣ ਲਈ ਵਰਤੀ ਗਈ ਲਾਪਰਵਾਹੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਗੈਂਗਸਟਰਾਂ ਦਾ ਪੂਰਾ ਦਬਦਬਾ ਹੈ। ਸਰਕਾਰ ਨੇ ਪਹਿਲਾ ਇਨ੍ਹਾਂ ਦਾ ਕੋਈ ਖਾਸ ਪ੍ਰਬੰਧ ਨਹੀਂ ਕੀਤਾ ਤੇ ਨਾ ਹੀ ਵਿਸ਼ੇਸ਼ ਲੋਕਾਂ ਦੀ ਸੁਰੱਖਿਆ ਲਈ ਕੋਈ ਕਮੇਟੀ ਬਣਾਈ ਸੀ। ਉਨ੍ਹਾਂ ਕਿਹਾ ਕਿ ਜਲਦਬਾਜ਼ੀ ਨਾਲ ਲਏ ਫ਼ੈਸਲੇ ਦਾ ਇਹ ਨਤੀਜਾ ਹੈ।
ਇਸੇ ਦੌਰਾਨ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਸਿੱਧੂ ਮੂਸੇਵਾਲਾ ਦੀ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਸਰਕਾਰ ਨੇ ਉਸ ਦੀ ਸੁਰੱਖਿਆ ਘਟਾਈ ਜਿਸ ਕਾਰਨ ਕਥਿਤ ਤੌਰ ’ਤੇ ਗੈਂਗਸਟਰਾਂ ਨੂੰ ਮੂਸੇਵਾਲਾ ਨੂੰ ਮਾਰਨ ਦਾ ਮੌਕਾ ਮਿਲ ਗਿਆ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਕੰਮਾਂ ਨੂੰ ਗੁਪਤੀ ਤੌਰ ’ਤੇ ਰੱਖਿਆ ਜਾਂਦਾ ਹੈ ਪਰ ਸਰਕਾਰ ਏਨੀ ਅਣਜਾਣ ਹੈ ਕਿ ਉਸ ਨੇ ਆਪਣੀ ਬੱਲੇ-ਬੱਲੇ ਕਰਵਾਉਣ ਲਈ ਅਖ਼ਬਾਰਾਂ ’ਚ ਇਸ ਮਾਮਲੇ ਦਾ ਖੂਬ ਪ੍ਰਚਾਰ ਕੀਤਾ ਜਿਸ ਨਾਲ ਮਾੜੇ ਅਨਸਰਾਂ ਪੰਜਾਬ ਵਿੱਚ ਕੁਝ ਵੀ ਕਰਨ ਦੀ ਖੁੱਲ੍ਹ ਮਿਲ ਗਈ ਹੈ। ਸੋਮ ਪ੍ਰਕਾਸ਼ ਨੇ ਕਿਹਾ ਕਿ ਇਸ ਘਟਨਾ ਨਾਲ ਪੰਜਾਬ ਦੇ ਲੋਕਾਂ ਅੰਦਰ ਬਹੁਤ ਗੁੱਸਾ ਵਧ ਗਿਆ ਹੈ ਤੇ ਇਸ ਦਾ ਖੁਮਿਆਜ਼ਾ ਸਰਕਾਰ ਨੂੰ ਭੁਗਤਣਾ ਪਵੇਗਾ।